Wednesday, December 15, 2010

ਗ਼ਜ਼ਲ --- ਇਹ ਨਹੀਂ ਰੁਕਦੇ ਕਿਸੇ ਦੇ ਰੋਕਿਆਂ -------------------------------------------

     ਗ਼ਜ਼ਲ   ------------------------ 

ਹਰ  ਕਿਸੇ  ਦਾ ਖ਼ਾਬ  ਹੁੰਦੈ,  ਪਿਆਰ   ਪੀਘਾਂ   ਪਾਉਣ  ਦਾ ।
ਮੈਂ   ਕਿਵੇਂ  ਨਾ  ਸੋਚਦਾ  ਫਿਰ,  ਦਿਲ  ਕਿਸੇ   ਸੰਗ  ਲਾਉਣ  ਦਾ ।

ਫੈਸਲਾ ਹੀ  ਕਰ ਲਿਆ , ਤੈਨੂੰ  ਜਦੋਂ  ਅਪਨਾਉਣ  ਦਾ ।
ਹੱਕ  ਹੈ  ਤੈਨੂੰ  ਹਰ  ਤਰ੍ਹਾਂ , ਮੇਰੀ  ਵਫ਼ਾ  ਅਜ਼ਮਾਉਣ  ਦਾ ।

ਇਸ  ਜ਼ਮਾਨੇ  ਦਾ  ਪਤਾ  ਨਈਂ,  ਇਸ਼ਕ  ਸੰਗ  ਕੀ  ਵੈਰ  ਹੈ,
ਹਰ  ਕਦਮ  ਤੇ  ਜ਼ੋਰ  ਲਾਉਂਦੈ,  ਹਰ  ਖੁਸ਼ੀ  ਝਟਕਾਉਣ  ਦਾ ।

ਰੁਖ  ਹਵਾ  ਦਾ ਮੋਡ਼  ਸਕਦੈ  ਹਾਂ  ਅਗਰ  ਤੂੰ  ਮੇਰੇ  ਨਾਲ ਏਂ,
ਸ਼ੌਕ  ਮੈਨੂੰ  ਹੈ  ਬਡ਼ਾ  ਗਲ਼  ਨੇਰ੍ਹੀਆਂ  ਨੂੰ  ਲਾਉਣ  ਦਾ ।

ਜ਼ਿੰਦਗੀ  ਵਿਚ    ਹੀ  ਜਾਂਦੇ  ਨੇ  ਅਜਿਹੇ   ਮੋਡ਼  ਵੀ, 
ਵਕਤ  ਮਿਲਦੈ  ਆਪਣੇ  ਹਰ  ਜ਼ੁਰਮ  ਤੇ  ਪਛਤਾਉਣ  ਦਾ ।

  ਜ਼ਮਾਨੇ 1  ਇਹ  ਨਹੀਂ   ਰੁਕਦੇ   ਕਿਸੇ  ਦੇ  ਰੋਕਿਆਂ,
ਆਸ਼ਕਾਂ  ਨੂੰ  ਕਰ  ਨਾ  ਐਵੇਂ,  ਤੂੰ  ਯਤਨ  ਸਮਝਾਉਣ  ਦਾ ।

ਵਕਤ  ਕਰਦਾ  ਜੇ  ਵਫ਼ਾ, ਤਾਂ  ਪਾਂਦੀਆਂ  ਨਾ  ਦੂਰੀਆਂ ,
ਦੋਸਤਾ 1 ਕੁਝ  ਨਈਂ  ਪਤਾ  ਲਗਦਾ  ਬੁਰੇ  ਦਿਨ  ਆਉਣ  ਦਾ ।

ਸਭ  ਗਿਲੇ  ਸ਼ਿਕਵੇ  ਭੁਲਾ  ਕੇ ,  ਭੇਜਦਾ  ਤੂੰ  ਖ਼ਤ  ਅਗਰ ,
ਮੈਂ  ਵੀ  ਹੀਲਾ  ਕਰ  ਹੀ  ਲੈਣਾ  ਸੀ  ਤੇਰੇ  ਤਕ  ਆਉਣ  ਦਾ ।

ਬੈਠ  ਮੇਰੇ  ਕੋਲ, ਗੱਲਾਂ  ਕਰ  ਜ਼ਰਾ  ਦਿਲ  ਖੋਲ੍ਹ  ਕੇ,
ਵਕਤ ਨੇ   ਦਿੱਤੈ  ਅਸਾਨੂੰ   ਫਿਰ  ਸਮਾਂ  ਮੁਸਕਾਉਣ  ਦਾ ।

ਨਾਮ  ਤੇਰੇ  ਮੈਂ  ਹੈ  ਕੀਤੀ  ਇਹ  ਗ਼ਜ਼ਲ , ਮਨਜ਼ੂਰ  ਕਰ ,
ਸ਼ੁਕਰੀਆ 1 ਤੇਰਾ  ਮੇਰੇ  ਤੋਂ  ਕੁਝ  ਨਾ  ਕੁਝ  ਲਿਖਵਾਉਣ  ਦਾ ।

ਕਰ   ਲਿਆ  ਕਰ  ਦਿਲ-ਲਗੀ  ਬੇਸ਼ੱਕ  ਤੂੰ  ਮਹਿਰਮ  ਨਾਲ  ਵੀ,
ਸ਼ੌਕ  ਹੈ  ਤੈਨੂੰ  ਜੇ  ਉਸਨੂੰ   ਬੇਵਜ੍ਹਾ  ਤਡ਼ਫਾਉਣ  ਦਾ ।
--------------------------------------------------

Tuesday, July 27, 2010

ਕਲਮ ਦੇ ਹਥਿਆਰ ਬਾਰੇ ਸੋਚਦਾ ਹਾਂ .........


ਗ਼ਜ਼ਲ ............................

ਮੈਂ ਜਦੋਂ ਸੰਸਾਰ ਬਾਰੇ ਸੋਚਦਾ ਹਾਂ
ਮਹਿਕਦੀ ਗੁਲਜ਼ਾਰ ਬਾਰੇ ਸੋਚਦਾ ਹਾਂ

ਤੂੰ ਕਹੇਂ ਤੂੰ ਸੋਚ ਅਪਣੇ ਆਪ ਬਾਰੇ,
ਮੈਂ ਕਹਾਂ, ਮੈਂ ਯਾਰ ਬਾਰੇ ਸੋਚਦਾ ਹਾਂ

ਲੋਕ ਜਾ ਕੇ ਬਾਗ਼ ਵਿਚ ਫੁੱਲਾਂ ਦੀ ਸੋਚਣ,
ਮੈਂ ਹਮੇਸ਼ਾ, ਖ਼ਾਰ ਬਾਰੇ ਸੋਚਦਾ ਹਾਂ

ਹਰ ਧਡ਼ੇ ਵਿਚ ਨੇ ਬੁਰੇ ਕਿਰਦਾਰ ਵਾਲੇ ,
ਕੀ ਬਣੂ, ਸਰਕਾਰ ਬਾਰੇ ਸੋਚਦਾ ਹਾਂ

ਸੋਚ ਜਿਸਦੀ ਹੈ ਕਮੀਨੀ, ਉਹ ਭਲਾ ਫਿਰ,
ਕੀ ਕਰੂ, ਫ਼ਨਕਾਰ ਬਾਰੇ ਸੋਚਦਾ ਹਾਂ

ਧਰਮ ਅੰਮ੍ਰਿਤ ਹੈ ਪਰ ਇਸ ਦੇ ਨਾਂ ਤੇ ਹੁੰਦੇ,
ਵਿਸ਼-ਭਰੇ, ਪਰਚਾਰ ਬਾਰੇ ਸੋਚਦਾ ਹਾਂ

ਇਹ ਤੇਰੀ ਮਰਜ਼ੀ, ਇਹ ਕਦੋਂ ਇਨਕਾਰ ਕਰਨੈ,
ਮੈਂ ਅਜੇ , ਇਕਰਾਰ ਬਾਰੇ ਸੋਚਦਾ ਹਾਂ

ਰੋਕ ਲੈਂਦੇ ਨੇ ਮੇਰੇ ਜਜ਼ਬਾਤ ਮੈਨੂੰ,
ਜਦ ਕਦੇ, ਇਜ਼ਹਾਰ ਬਾਰੇ ਸੋਚਦਾ ਹਾਂ

ਫਿਰ ਉਦ੍ਹੀ ਤਸਵੀਰ ਵੀ ਬੇਕਾਰ ਜਾਪੇ,
ਜਦ ਉਦ੍ਹੇ , ਕਿਰਦਾਰ ਬਾਰੇ ਸੋਚਦਾ ਹਾਂ

ਬੇਵਫ਼ਾ ਨਹੀਂ ਆਖਿਆ ਅਜ ਤਕ ਕਿਸੇ ਨੂੰ,
ਆਪਣੇ ਵਿਵਹਾਰ ਬਾਰੇ ਸੋਚਦਾ ਹਾਂ

ਇਹ ਕਰੇਗਾ ਮਾਰ ਇਕ ਦਿਨ, ਲਾਜ਼ਮੀ ਹੈ,
ਕਲਮ ਦੇ ਹਥਿਆਰ ਬਾਰੇ ਸੋਚਦਾ ਹਾਂ

ਭੇਤ ਪਹਿਲਾਂ ਪਾ ਲਵਾਂ, ਕੀ ਇਸ਼ਕ ਹੁੰਦੈ,
ਫੇਰ ਕੁਝ ਜਿੱਤ -ਹਾਰ ਬਾਰੇ ਸੋਚਦਾ ਹਾਂ

ਫਿਰ ਕਦੇ ਸੰਸਾਰ ਬਾਰੇ ਗੱਲ ਕਰਾਂਗੇ ,
ਮੈਂ ਅਜੇ ਘਰ-ਬਾਰ ਬਾਰੇ ਸੋਚਦਾ ਹਾਂ

ਦਿਲ ਕਹੇ, ਕਰ ਯਾਦ ਪਹਿਲਾਂ ਫਰਜ਼ ਮਹਿਰਮ,
ਮੈਂ ਜਦੋਂ ਅਧਿਕਾਰ ਬਾਰੇ ਸੋਚਦਾ ਹਾਂ

Wednesday, June 30, 2010

ਨਿਹੱਥਾ ਨਾ ਸਮਝ ਖੁਦ ਨੂੰ .................

ਗ਼ਜ਼ਲ .........................



ਜਿਵੇਂ ਸਤਿਕਾਰ ਚਾਹੁੰਨਾ ਏਂ , ਉਵੇਂ ਸਤਿਕਾਰ ਕਰਿਆ ਕਰ

ਤੂੰ ਬੰਦਾ ਏਂ ਤਾਂ ਬੰਦੇ ਵਾਂਗ ਹੀ ਵਿਵਹਾਰ ਕਰਿਆ ਕਰ



ਕਦੇ ਵੀ ਬਹਿਸ ਨਈਂ ਕਹਿੰਦੀ ਕਿ ਸ਼ਿਸ਼ਟਾਚਾਰ ਭੁੱਲ ਜਾਵੋ ,

ਤੂੰ ਐਵੇਂ ਜੋਸ਼ ਵਿੱਚ ਆ ਕੇ ਨ ਹੱਦਾਂ ਪਾਰ ਕਰਿਆ ਕਰ



ਕਦੇ ਇਨਕਾਰ ਕਰਦਾ ਏਂ , ਕਦੇ ਇਕਰਾਰ ਕਰਦਾ ਏਂ ,

ਜੋ ਚੱਲਦਾ ਹੈ ਤੇਰੇ ਦਿਲ ਵਿੱਚ ਉਦ੍ਹਾ ਇਜ਼ਹਾਰ ਕਰਿਆ ਕਰ



ਤੂੰ ਅਪਣੀ ਹੀ ਕਿਸੇ ਗੱਲ ਤੇ ਲਡ਼ੇਂ ਤਾਂ ਨਈਂ ਗਿਲਾ ਮੈਨੂੰ ,

ਰਕੀਬਾਂ ਲਈ ਮੇਰੇ ਸੰਗ ਨਾ ਕਦੇ ਤਕਰਾਰ ਕਰਿਆ ਕਰ



ਇਹ ਵੀ ਸੱਚ ਹੈ ਕਿ ਸਭ ਤੇ ਤਾਂ ਭਰੋਸਾ ਹੋ ਨਹੀਂ ਸਕਦਾ ,

ਮਗਰ ਜੋ ਤੈਨੂੰ ਚਾਹੁੰਦਾ ਹੈ ਉਦ੍ਹਾ ਇਤਬਾਰ ਕਰਿਆ ਕਰ



ਅਜ਼ਲ ਤੋਂ ਹੀ ਮੁਹੱਬਤ ਨੂੰ ਗੁਨਾਹ ਗਿਣਿਆ ਹੈ ਦੁਨੀਆਂ ਨੇ,

ਪਤਾ ਨਈਂ ਕਿਉਂ ਕਹੇ ਰਹਿਬਰ ਕਿ ਸਭ ਨੂੰ ਪਿਆਰ ਕਰਿਆ ਕਰ



ਨਿਹੱਥਾ ਨਾ ਸਮਝ ਖੁਦ ਨੂੰ ਕਲਮ ਜੇ ਕੋਲ ਹੈ ਤੇਰੇ ,

ਜਦੋਂ ਵੀ ਜੁਰਮ ਤੂੰ ਤੱਕੇਂ ਕਲਮ ਦਾ ਵਾਰ ਕਰਿਆ ਕਰ



ਜ਼ਮਾਨੇ ਵਿੱਚ ਭਲੇ ਦਾ ਹੁਣ ਸਮਾਂ ਤਾਂ ਨਈਂ ਰਿਹਾ ਮਹਿਰਮ

ਮਗਰ ਜੇ ਹੋ ਸਕੇ ਤੈਥੋਂ , ਤਾਂ ਪਰਉਪਕਾਰ ਕਰਿਆ ਕਰ

Monday, May 10, 2010

ਗ਼ਜ਼ਲ --ਉਡੀਕੇ ਰਾਤ ਦਿਨ ..............................



ਗ਼ਜ਼ਲ  ................................

ਉਹ ਆਕੜ ਵਿਚ ਸਹੇ ਦੇ ਵਾਂਗ ਰਾਹ ਵਿਚ ਬਹਿ ਗਿਆ ਹੋਣੈ
ਸਮੇਂ ਦੀ ਦੌੜ ਚੋਂ ਪਿੱਛੇ ਉਹ ਤਾਂ ਹੀ ਰਹਿ ਗਿਆ ਹੋਣੈ

ਕਦੇ ਭਾਵੁਕ , ਕਦੇ ਮਜ਼ਬੂਰ ਕਰਦੇ ਨੇ ਕਿਵੇਂ ਰਿਸ਼ਤੇ ,
ਬੜਾ ਕੁਝ ਸੋਚਦਾ ਇਸ ਵਹਿਣ ਵਿਚ ਉਹ ਵਹਿ ਗਿਆ ਹੋਣੈ

ਜ਼ਮਾਨੇ ਦੇ ਸਿਤਮ ਅੱਗੇ, ਜਿਨ੍ਹਾਂ ਦੀ ਪੇਸ਼ ਨਾ ਚੱਲੀ ,
ਬਣਾਇਆ  ਮਹਿਲ ਖਾਬਾਂ ਦਾ , ਉਨ੍ਹਾਂ ਦਾ ਢਹਿ ਗਿਆ ਹੋਣੈ

ਇਸੇ ਕਰਕੇ ਤੁੰ ਮੰਦਾ ਬੋਲਿਐ ਉਸਨੂੰ ਬਿਨਾਂ ਦੋਸ਼ੌਂ ,
ਕਦੇ ਪਹਿਲਾਂ ਉਹ ਚੁੱਪ ਕਰਕੇ ਬੜਾ ਕੁਝ ਸਹਿ ਗਿਆ ਹੋਣੈ

ਜੋ ਤੁਰਿਆ ਤੋੜ ਕੇ ਬੰਧਨ , ਮੁਕਾ ਕੇ ਸਾਂਝ ਦੇ ਰਿਸ਼ਤੇ ,
ਪਿਛਾਂਹ ਤੱਕਦਾ ਸੀ ਉਹ ਮੁੜ ਮੁੜ , ਅਜੇ ਕੁਝ ਰਹਿ ਗਿਆ ਹੋਣੈ

ਗਿਆ ਗ਼ਮਗੀਨ ਸੀ, ਮੁੜਿਐ ਤਾਂ ਹੌਲਾ ਫੁੱਲ ਜਿਹਾ ਲੱਗਿਆ,
ਸੁਣਾ ਕੇ ਯਾਰ ਨੂੰ ਦੁੱਖ , ਭਾਰ ਦਿਲ ਤੋਂ ਲਹਿ ਗਿਆ ਹੋਣੈ

ਉਨ੍ਹਾਂ ਦੀ ਅੱਖ ਚ ਕੰਕਰ ਵਾਂਗ ਰੜਕੇਂ ਨਾ ਕਿਵੇਂ ਤੂੰ ਵੀ ,
ਤੇਰਾ ਸੱਚ ਵੀ ਉਨ੍ਹਾਂ ਦੇ ਝੂਠ ਦੇ ਸੰਗ ਖਹਿ ਗਿਆ ਹੋਣੈ

ਉਡੀਕੇ ਰਾਤ ਦਿਨ 'ਮਹਿਰਮ', ਨਿਗਾਹ ਰੱਖਦੈ ਬਰੂਹਾਂ ਤੇ ,
'ਮੈਂ ਪਰਤਾਂਗਾ', ਕੋਈ ਉਸਨੂੰ ਕਦੇ ਇਹ ਕਹਿ ਗਿਆ ਹੋਣੈ
=========================== / 

Monday, March 15, 2010

ਗ਼ਜ਼ਲ ................................

ਗ਼ਜ਼ਲ

......................................



ਨਹੀਂ ਹੁੰਦੀ , ਨਹੀਂ ਹੁੰਦੀ , ਕਿ ਛੱਡ ਉਲਫ਼ਤ ਨਹੀਂ ਹੁੰਦੀ ।

ਕਿਸੇ ਦੇ ਨਾਲ ਵੀ ਮੈਥੋਂ ਤਾਂ ਹੁਣ ਨਫ਼ਰਤ ਨਹੀਂ ਹੁੰਦੀ ।



ਮੇਰੇ ਇਜ਼ਹਾਰ ਨੂੰ ਉਸ ਨੇ, ਪਤਾ ਨਈਂ ਕਿਸ ਤਰ੍ਹਾਂ ਲੈਣਾ ,

ਕਦੇ ਉਸ ਨਾਲ ਖੁੱਲ੍ਹ ਕੇ ਗੱਲ ਕਰਾਂ, ਹਿੰਮਤ ਨਹੀਂ ਹੁੰਦੀ ।



ਅਸੀਸਾਂ ਤੇ ਦੁਆਵਾਂ ਦੀ ਬੜੀ ਅਨਮੋਲ ਹੈ ਦੌਲਤ ,

ਇਹ ਮਿਲਦੀ ਹੈ ਬਜ਼ੁਰਗਾਂ ਤੋਂ, ਇਹਦੀ ਕੀਮਤ ਨਹੀਂ ਹੁੰਦੀ ।



ਉਹ ਬੰਦਾ ਕੱਲਾ - ਕੈਰੈ, ਪਰ ਉਸਾਰੀ ਮਹਿਲ ਜਾਂਦਾ ਏ,

ਨਿਰੀ ਬਿਲਡਿੰਗ ਹੀ ਤਾਂ ਦੁਨੀਆਂ ਦੇ ਵਿੱਚ ਸ਼ੁਹਰਤ ਨਹੀਂ ਹੁੰਦੀ ।



ਜਦੋਂ ਪਾਸਾ ਪਵੇ ਉਲਟਾ, ਉਦਾਸੀ ਛਾ ਹੀ ਜਾਂਦੀ ਹੈ ,

ਹਮੇਸ਼ਾ ਖੁਸ਼ ਰਹੇ ਦਿਲ, ਕਿਸਦੀ ਇਹ ਹਸਰਤ ਨਹੀਂ ਹੁੰਦੀ ।



ਨਾ ਦੂਜੇ ਦਾ ਭਲਾ ਹੁੰਦੈ, ਨਾ ਰਹਿੰਦੈ ਸ਼ਾਂਤ ਮਨ ਅਪਣਾ,

ਬਹਾਨੇ ਲਾਉਣ ਦੀ ਆਦਤ ਖ਼ਰੀ ਆਦਤ ਨਹੀਂ ਹੁੰਦੀ ।



ਬਗ਼ਾਵਤ ਹੱਕ ਲਈ ਕਰੀਏ ਤਾਂ ਇਹ ਮਿਹਣਾ ਨਹੀਂ ਹੁੰਦਾ,

ਮਗਰ ਹੱਕ ਮੰਗਣਾ, ਹਰ ਇੱਕ ਦੀ ਕਿਸਮਤ ਨਹੀਂ ਹੁੰਦੀ ।



ਕਦੋਂ ਆਵੇ , ਕਿਵੇਂ ਆਵੇ , ਉਹ ਆਵੇਗੀ ਬਿਨਾਂ ਦੱਸਿਆਂ ,

ਕਿਸੇ ਦੀ ਮੌਤ ਦਾ ਕਾਰਨ, ਘੜੀ, ਸੂਚਿਤ ਨਹੀਂ ਹੁੰਦੀ ।



ਉਨ੍ਹਾਂ ਨੇ ਹੱਥ ਮਿਲਾਏ ਨੇ , ਮਿਲਾਏ ਉੱਪਰੋਂ - ਉੱਪਰੋਂ,

ਕਿ ਮੌਕਾ-ਪ੍ਰਸਤ ਲੋਕਾਂ ਵਿੱਚ ਦਿਲੀ-ਇੱਜਤ ਨਹੀਂ ਹੁੰਦੀ ।



ਜੋ ਤੁਰਦੇ ਨੇ ਭਲੇ ਖ਼ਾਤਿਰ, ਉਹ ਹੱਦਬੰਦੀ ਨਹੀਂ ਕਰਦੇ ,

ਕਿਸੇ ਉਪਕਾਰ ਦੀ ਸੀਮਾ, ਕਦੇ ਸੀਮਤ ਨਹੀਂ ਹੁੰਦੀ ।



ਉਹ ਕੱਲੇ - ਕੱਲੇ ਹੋ ਕੇ ਜ਼ੁਲਮ ਸਹਿੰਦੇ ਜਾਂਦੇ ਨੇ 'ਮਹਿਰਮ',

ਜੇ ਇੱਕ ਜੁੱਟ ਹੋ ਗਏ ਹੁੰਦੇ, ਤਾਂ ਇਹ ਹਾਲਤ ਨਹੀਂ ਹੁੰਦੀ ।

===============================

Sunday, February 7, 2010

ਗ਼ਜ਼ਲ--- ਮੁਹੱਬਤ ਦਾ ਕਰਿਸ਼ਮਾ ..........



ਗ਼ਜ਼ਲ.......................

ਉਦ੍ਹੇ ਸਿਰ ਬੇਵਜ੍ਹਾ ਫਿਰ ਦੋਸ਼ ਲੱਗਿਆ ਹੈ ।

ਭਲਾ ਨੈਣਾਂ 'ਚੋਂ ਐਵੇਂ ਨੀਰ ਵਗਦਾ ਹੈ ।



ਇਹ ਜਾਦੂ ਜਾਂ ਮੁਹੱਬਤ ਦਾ ਕਰਿਸ਼ਮਾ ਹੈ ।

ਉਨ੍ਹੇ ਹਰ ਗ਼ਮ ਖ਼ੁਸ਼ੀ ਦੇ ਨਾਲ ਜਰਿਆ ਹੈ ।



ਜੁਦਾ ਹੋ ਕੇ, ਕੀ ਹੋਈ ਹੈ , ਦਸ਼ਾ ਦਿਲ ਦੀ,

ਇਹ ਸੈਆਂ ਵਾਰ ਭਰਿਆ ਹੈ ਤੇ ਫਿੱਸਿਆ ਹੈ ।



ਮਲਾਹਾਂ ਨੇ ਨਹੀਂ ਤੱਕਿਆ ਪਿਛਾਂਹ ਮੁੜ ਕੇ,

ਜੋ ਗਿਰਿਆ ਸੀ, ਉਹ ਡੁੱਬਿਆ ਹੈ ਕਿ ਤਰਿਆ ਹੈ ।



ਦਿਲਾਂ ਦੇ ਤਾਰ ਕੱਚੇ ਧਾਗਿਆਂ - ਵੱਤ ਨੇ ,

ਇਹ ਟੁੱਟੇ ਨੇ, ਜਦੋਂ ਵਿਸਵਾਸ਼ ਟੁੱਟਿਆ ਹੈ ।



ਹਰਿਕ ਰਿਸ਼ਤਾ ਪਿਆਦੇ ਵਾਂਗ ਵਰਤੇ ਉਹ,

ਹਮੇਸ਼ਾ 'ਚੈੱਸ' ਜਿਹੀ ਉਹ ਚਾਲ ਚੱਲਦਾ ਹੈ ।



ਨਹੀਂ ਛਡ ਸਕਦਾ ਸੌੜੀ ਸੋਚ ਦਾ ਪੱਲਾ,

ਉਨ੍ਹੇ ਅਪਣੇ ਲਈ ਖ਼ੁਦ ਜਾਲ ਬੁਣਿਆ ਹੈ ।



ਅਜੇਹਾ ਮੋੜ ਵੀ ਆਉਂਦੈ ਮੁਹੱਬਤ ਵਿੱਚ,

ਕਿ ਬੰਦਾ ਸੋਚਦੈ , ਜਿੱਤਿਆ ਕਿ ਹਰਿਆ ਹੈ ।



ਖਿਸਕ ਜਾਂਦੈ ਉਹ ਅਪਣੇ ਆਪ ਹੀ ਦਿਲ 'ਚੋਂ,

ਭੁਲਾਇਆਂ ਵੀ ਕਦੇ ਮਹਿਬੂਬ ਭੁੱਲਿਆ ਹੈ ।



ਜਦੋਂ ਫਸਿਆ ਤਾਂ ਜਾਣੇਗਾ ਕਦਰ ਇਸਦੀ ,

ਅਜੇ ਉਪਦੇਸ਼ ਉਸ ਨੂੰ ਬੋਝ ਲੱਗਦਾ ਹੈ ।



ਕਿਵੇਂ ਨਾ ਗੀਤ ਗਾਵੇ ਉਹ ਮੁਹੱਬਤ ਦੇ,

ਚਿਰਾਂ ਮਗਰੋਂ ਉਦ੍ਹਾ ਮਹਿਬੂਬ ਮਿਲਿਆ ਹੈ ।

=====================

Friday, January 22, 2010

ਹੁੰਦੇ ਹੋਏ ਵੀ ..........

ਗ਼ਜ਼ਲ .........................


ਮੁਹੱਬਤ ਵਿੱਚ ਦਗ਼ਾ ਹੁੰਦੇ ਹੋਏ ਵੀ

ਉਹ ਚੁੱਪ ਰਹਿੰਦੈ ਪਤਾ ਹੁੰਦੇ ਹੋਏ ਵੀ


ਕੋਈ ਸ਼ਿਕਵਾ ਗਿਲਾ ਹੁੰਦੇ ਹੋਏ ਵੀ

ਉਹ ਖ਼ੁਸ਼ ਰਹਿੰਦੈ ਜੁਦਾ ਹੁੰਦੇ ਹੋਏ ਵੀ


ਉਦ੍ਹੇ ਬਾਰੇ ਨਹੀਂ ਕੁਝ ਜਾਣਦਾ ਮੈਂ

ਬੜਾ ਕੁਝ ਜਾਣਦਾ ਹੁੰਦੇ ਹੋਏ ਵੀ


ਸ਼ਰਾਰਤ ਇਸ ਤਰ੍ਹਾਂ ਕੀਤੀ ਹਵਾ ਨੇ

ਨਹੀਂ ਪਰਦਾ ਰਿਹਾ ਹੁੰਦੇ ਹੋਏ ਵੀ


ਦਿਨੋ ਦਿਨ ਦੂਰ ਹੁੰਦੇ ਜਾ ਰਹੇ ਹਾਂ

ਮੁਸੱਲਸਲ ਰਾਬਤਾ ਹੁੰਦੇ ਹੋਏ ਵੀ


ਕਿਤੇ ਵੀ ਨਈਂ ਕਦੇ ਮਿਲਦਾ ਕਿਸੇ ਨੂੰ

ਹਰਿਕ ਥਾਂ 'ਤੇ ਖ਼ੁਦਾ ਹੁੰਦੇ ਹੋਏ ਵੀ


ਦਵਾ ਦੇਣੋਂ ਉਨ੍ਹਾਂ ਪਰਹੇਜ਼ ਰੱਖਿਆ

ਮੇਰੇ ਦੁੱਖ ਦਾ ਪਤਾ ਹੁੰਦੇ ਹੋਏ ਵੀ


ਕਦੇ ਵੀ ਨਾ ਭਲਾ ਕੀਤਾ ਕਿਸੇ ਦਾ

ਉਹ ਰੋਂਦਾ ਹੀ ਰਿਹਾ ਹੁੰਦੇ ਹੋਏ ਵੀ


ਮੁਹੱਬਤ ਹੈ ਤਦੇ ਇੰਜ ਮਾਫ਼ ਕਰਦੈ

ਉਹ ਹੱਸ ਪੈਂਦੈ ਖਫ਼ਾ ਹੁੰਦੇ ਹੋਏ ਵੀ


ਉਹ ਵਲ਼ ਪਾ ਕੇ ਨਿਕਲ ਜਾਂਦੈ ਹਮੇਸ਼ਾ

ਮੇਰੇ ਘਰ ਦਾ ਪਤਾ ਹੁੰਦੇ ਹੋਏ ਵੀ


ਨਹੀਂ ਪਲ ਦਾ ਭਰੋਸਾ ਵੀ ਦਮਾਂ 'ਤੇ

ਦਮਾਂ ਦਾ ਆਸਰਾ ਹੁੰਦੇ ਹੋਏ ਵੀ


ਪਤਾ ਨਈਂ ਕਿਉਂ ਨਹੀਂ ਜਾਂਦਾ ਦਿਲਾਂ 'ਚੋਂ

ਵਫ਼ਾ 'ਤੇ ਸ਼ੱਕ ਵਫ਼ਾ ਹੁੰਦੇ ਹੋਏ ਵੀ


ਮੁਹੱਬਤ ਵਿਚ ਸਦਾ ਮਹਿਬੂਬ 'ਮਹਿਰਮ'

ਭਲਾ ਲੱਗਦੈ ਬੁਰਾ ਹੁੰਦੇ ਹੋਏ ਵੀ

=================== ਜਸਵਿੰਦਰ ਮਹਿਰਮ /

Monday, November 23, 2009

ਗ਼ਜ਼ਲ---ਤੁਸੀਂ ਸਭ ਕੁਝ ਬੜਾ ਦਿਤੈ .......

ਗ਼ਜ਼ਲ.................................................

ਉਨੂੰ ਮਿਲਣਾ ਝਨਾਂ ਤੋਂ ਪਾਰ ਜਾ ਕੇ ਸੀ , ਨਹੀਂ ਮਿਲਿਆ
ਰਿਹਾਂ ਮੰਝਧਾਰ ਵਿਚ ਫਸਿਆ, ਕਿਨਾਰਾ ਹੀ ਨਹੀਂ ਮਿਲਿਆ

ਮਨਾਂ ਤੇ ਬੋਝ, ਖਾਲੀਪਨ , ਉਦਾਸੀ ਚਿਹਰਿਆਂ ਉੱਤੇ,
ਜੋ ਵੀ ਮਿਲਿਆ , ਬਿਨਾਂ ਇਸ ਤੋਂ, ਕਦੇ ਕੋਈ ਨਹੀਂ ਮਿਲਿਆ

ਮੈਂ ਇਹ ਤਾਂ ਕਹਿ ਨਹੀਂ ਸਕਦਾ, ਕਿਸੇ ਤੋਂ ਪਿਆਰ ਮਿਲਿਆ ਨਈਂ,
ਮਗਰ ਮੈਨੂੰ , ਜਦੋਂ ਇਸਦੀ , ਜ਼ਰੂਰਤ ਸੀ , ਨਹੀਂ ਮਿਲਿਆ

ਜੁਦਾਈ, ਬੇਬਸੀ, ਗ਼ਮ, ਦਰਦ , ਧੋਖਾ , ਬੇਰੁਖੀ ਯਾਰੋ ,
ਤੁਸੀਂ ਸਭ ਕੁਝ ਬੜਾ ਦਿਤੈ , ਤੁਹਾਥੋਂ ਕੀ ਨਹੀਂ ਮਿਲਿਆ

ਬਥੇਰੇ ਯਾਰ ਨੇ ਮੇਰੇ , ਬੜੇ ਗ਼ਮਖ਼ਾਰ ਨੇ ਮੇਰੇ ,
ਮਗਰ ਸੀ ਆਰਜ਼ੂ ਜਿਸਦੀ , ਉਹ ਹਾਲੇ ਵੀ ਨਹੀਂ ਮਿਲਿਆ

ਉਡਾਰੀ ਮਾਰ ਕੇ ਕਾਰੂੰ, ਸਿਕੰਦਰ ਛਿਪ ਗਿਆ ਕਿੱਥੇ ,
ਖ਼ਜ਼ਾਨਾ ਕੀ , ਉਦਾ ਘਰ ਜਿਸ ਗਲੀ ਵਿਚ ਸੀ, ਨਹੀਂ ਮਿਲਿਆ

ਰਿਹਾ ਮਸਰੂਫ਼ 'ਮਹਿਰਮ' ਪੀਣ ਵਿਚ ਜਾਂ ਹੋਰ ਕੰਮਾਂ ਵਿਚ,
ਮੇਰੀ ਮਹਿਫ਼ਿਲ 'ਚ ਆ ਕੇ ਵੀ, ਉਹ ਮੈਨੂੰ ਹੀ ਨਹੀਂ ਮਿਲਿਆ
========================= ਛਁ

Monday, October 26, 2009

ਗ਼ਜ਼ਲ........ਰਹਿਬਰ ਤਾਂ ਸਮਝਾਉਂਦੇ ਆਏ .......

ਕੁਰਸੀ ਦੌੜ ' ਚ ਜਦ ਵੀ ਹੋਊ , ਉਹ ਹੀ ਸ਼ਾਮਿਲ ਹੋਵੇਗਾ ।
ਜੋ ਲੋਕਾਂ ਨੂੰ ਝੂਠੇ ਲਾਰੇ ਲਾਉਣ ਦੇ ਕਾਬਿਲ ਹੋਵੇਗਾ ।

ਕੋਸ਼ਿਸ਼ ਕਰ ਕੇ ਦੇਖ ਜ਼ਰਾ ਤੂੰ, ਅਪਣੀ ਮੰਜ਼ਿਲ ਪਾਉਣੀ ਜੇ,
ਜਿੱਤ ਨਹੀਂ ਤਾਂ 'ਹਾਰ" ਦਾ ਕਾਰਨ , ਕੁਝ ਤਾਂ ਹਾਸਿਲ ਹੋਵੇਗਾ ।

ਅਪਣੇ ਆਪ ਤਾਂ ਕੁਝ ਨਈਂ ਆਉਂਦੈ , ਸਭ ਕੁਝ ਸਿੱਖਣਾ ਪੈਂਦਾ ਹੈ,
ਉਸਨੂੰ ਮੰਜ਼ਿਲ ਮਿਲਣੀ ਜਿਸਦਾ , ਮੁਰਸ਼ਦ ਕਾਮਿਲ ਹੋਵੇਗਾ ।

ਉਸਨੇ ਅਪਣੀ ਰਾਖੀ ਖ਼ਾਤਿਰ , ਐਨੀ ਗਾਰਦ ਰੱਖੀ ਹੈ ,
ਸੋਚ ਲਵੋ ਲੋਕਾਂ ਦਾ ਨੇਤਾ , ਕਿੰਨਾ ਬੁਜ਼ਦਿਲ ਹੋਵੇਗਾ ।

ਫਿਰ ਤਾਂ ਕਿਸੇ ਬੇਦੋਸ਼ੇ ਨੂੰ ਹੀ , ਟੰਗਿਆ ਜਾਊ ਫਾਂਸੀ 'ਤੇ,
ਜੱਜਾਂ ਦੀ ਟੋਲੀ ਵਿੱਚ ਹੀ ਜੇ , ਬੈਠਾ ਕਾਤਿਲ ਹੋਵੇਗਾ ।

ਕੁੱਖ ਵਿੱਚ ਕਤਲ ਕਰਾ ਕੇ ਧੀ ਨੂੰ , ਪੁੱਤ ਦੇ ਸੁਪਨੇ ਲੈਂਦੀ ਜੋ,
ਐਸੀ ਮਾਂ ਦੇ ਸੀਨੇ ਵਿੱਚ ਤਾਂ , ਪੱਥਰ ਦਾ ਦਿਲ ਹੋਵੇਗਾ ।

ਤੇਰੀ ਮੰਜ਼ਿਲ ਪੂਰਬ ਹੈ ਤੇ ਮੇਰੀ ਮੰਜ਼ਿਲ ਪੱਛਮ ਹੈ ,
ਫੇਰ ਕਿਵੇਂ ਦੱਸ ਤੇਰਾ ਮੇਰਾ ਇਕ ਹੀ ਸਾਹਿਲ ਹੋਵੇਗਾ ।

ਪਲ ਵਿਚ ਮੁੱਖੜਾ ਮੋੜ ਗਿਆ ਏ, ' ਭੁੱਲ ਜਾ ਮੈਨੂੰ ' ਕਹਿ ਕੇ ਜੋ ,
ਉਹ ਕੀ ਜਾਣੇਂ ਉਸਨੂੰ ਭੁੱਲਣਾ , ਕਿੰਨਾ ਮੁਸ਼ਕਿਲ ਹੋਵੇਗਾ ।

ਟੇਡੇ ਮੇਡੇ ਰਾਹਾਂ 'ਤੇ ਵੀ , ਤੁਰਨਾ ਪੈਂਦਾ ਜੀਵਨ ਵਿਚ ,
ਕਦਮ ਕਦਮ 'ਤੇ ਠੋਕਰ ਖਾਊ , ਜੋ ਵੀ ਗਾਫ਼ਿਲ ਹੋਵੇਗਾ ।

ਰਹਿਬਰ ਤਾਂ ਸਮਝਾਉਂਦੇ ਆਏ , ਬੰਦਾ ' ਬੰਦਾ' ਬਣਿਆ ਨਈਂ,
ਆਸ ਨਹੀਂ ਸੀ ' ਮਹਿਰਮ ', ਬੰਦਾ ਏਨਾ ਜਾਹਿਲ ਹੋਵੇਗਾ ।
====================================

Thursday, October 8, 2009

ਰਹਿਬਰਾਂ ਦਾ ਵਣਜ ਹੈ ਹੁਣ .............

ਗ਼ਜ਼ਲ ...............

ਰਹਿਬਰਾਂ ਦਾ ਵਣਜ ਹੈ ਹੁਣ ਹਰ ਤਰਾਂ ਦੇ ਜ਼ਹਿਰ ਦਾ |
ਤੜਫਦਾ ਮਿਲਦੈ ਤਦੇ ਹਰ ਸਖ਼ਸ਼ ਮੇਰੇ ਸ਼ਹਿਰ ਦਾ |

ਚੋਰ - ਡਾਕੂ ਜਿਸ ਤਰਾਂ ਸਰਗਰਮ ਨੇ ਹੁਣ ਰਾਤ - ਦਿਨ ,
ਖ਼ੌਫ ਨੇ ਲੋਕਾਂ ਦਾ ਲੁੱਟਿਆ ਚੈਨ ਅੱਠੇ ਪਹਿਰ ਦਾ |

ਆੜ ਲੈ ਕੇ ਧਰਮ ਦੀ ਨਾ ਖੇਡ ਖੂਨੀ ਹੋਲੀਆਂ ,
ਹਰ ਕਿਸੇ ਨੂੰ ਸੇਕ ਲੱਗਦੈ, ਬੇਵਜ੍ਹਾ ਇਸ ਕਹਿਰ ਦਾ |

ਤੂੰ ਸਮੁੰਦਰ ਦਾ ਨਜ਼ਾਰਾ ਦੇਖਣਾ ਤਾਂ ਦੇਖ , ਪਰ ,
ਨਾ ਕਿਨਾਰੇ ਕੋਲ ਜਾਵੀਂ , ਕੀ ਭਰੋਸਾ ਲਹਿਰ ਦਾ |

ਖ਼ੁਦ ਚਿਰਾਗ਼ਾਂ ਨੂੰ ਖ਼ਬਰ ਨਈਂ ਆਪਣੀ ਔਕਾਤ ਦੀ ,
ਰੌਸ਼ਨੀ ਅੱਗੇ ਹਨੇਰਾ ਤਾਂ ਕਦੇ ਨਈਂ ਠਹਿਰਦਾ |

ਦੇਖ ਸੁੱਕੀ ਨਹਿਰ ਕਰਦੇ ਨੇ ਵਿਚਾਰਾਂ ਬਿਰਖ ਵੀ ,
ਇਸ ਤਰਾਂ ਪਹਿਲਾਂ ਕਦੇ ਰੁੱਸਿਆ ਨਈਂ ਪਾਣੀ ਨਹਿਰ ਦਾ |

ਕੀ ਗ਼ਜ਼ਲ ਦੇ ਐਬ ਦੇਖੂ , ਕੀ ਉਹ ਜਾਣੂ ਖ਼ੂਬੀਆਂ ?
ਜੋ ਨਿਯਮ ਹੀ ਜਾਣਦਾ ਨਈਂ ਰੁਕਨ ਦਾ ਜਾਂ ਬਹਿਰ ਦਾ |

ਜਾਣਦਾ ਹਾਂ ਤੂੰ ਬੜਾ ਮਸਰੂਫ਼ ਰਹਿਨੈ ' ਮਹਿਰਮਾ ',
ਪਰ ਕਦੇ ਤਾਂ ਵਕਤ ਕੱਢ ਲੈ , ਕੁਝ ਦਿਨਾਂ ਦੀ ਠਹਿਰ ਦਾ |

ਬਹਿ ਨਾ ' ਮਹਿਰਮ ' ਬੇਧਿਆਨਾ , ਸਾਂਭ ਗਠੜੀ ਆਪਣੀ ,
ਆ ਰਿਹੈ ਤੂਫ਼ਾਨ ਚੜ੍ਹ ਕੇ , ਹੈ ਇਸ਼ਾਰਾ ਗਹਿਰ ਦਾ |
===================================