Tuesday, July 27, 2010

ਕਲਮ ਦੇ ਹਥਿਆਰ ਬਾਰੇ ਸੋਚਦਾ ਹਾਂ .........


ਗ਼ਜ਼ਲ ............................

ਮੈਂ ਜਦੋਂ ਸੰਸਾਰ ਬਾਰੇ ਸੋਚਦਾ ਹਾਂ
ਮਹਿਕਦੀ ਗੁਲਜ਼ਾਰ ਬਾਰੇ ਸੋਚਦਾ ਹਾਂ

ਤੂੰ ਕਹੇਂ ਤੂੰ ਸੋਚ ਅਪਣੇ ਆਪ ਬਾਰੇ,
ਮੈਂ ਕਹਾਂ, ਮੈਂ ਯਾਰ ਬਾਰੇ ਸੋਚਦਾ ਹਾਂ

ਲੋਕ ਜਾ ਕੇ ਬਾਗ਼ ਵਿਚ ਫੁੱਲਾਂ ਦੀ ਸੋਚਣ,
ਮੈਂ ਹਮੇਸ਼ਾ, ਖ਼ਾਰ ਬਾਰੇ ਸੋਚਦਾ ਹਾਂ

ਹਰ ਧਡ਼ੇ ਵਿਚ ਨੇ ਬੁਰੇ ਕਿਰਦਾਰ ਵਾਲੇ ,
ਕੀ ਬਣੂ, ਸਰਕਾਰ ਬਾਰੇ ਸੋਚਦਾ ਹਾਂ

ਸੋਚ ਜਿਸਦੀ ਹੈ ਕਮੀਨੀ, ਉਹ ਭਲਾ ਫਿਰ,
ਕੀ ਕਰੂ, ਫ਼ਨਕਾਰ ਬਾਰੇ ਸੋਚਦਾ ਹਾਂ

ਧਰਮ ਅੰਮ੍ਰਿਤ ਹੈ ਪਰ ਇਸ ਦੇ ਨਾਂ ਤੇ ਹੁੰਦੇ,
ਵਿਸ਼-ਭਰੇ, ਪਰਚਾਰ ਬਾਰੇ ਸੋਚਦਾ ਹਾਂ

ਇਹ ਤੇਰੀ ਮਰਜ਼ੀ, ਇਹ ਕਦੋਂ ਇਨਕਾਰ ਕਰਨੈ,
ਮੈਂ ਅਜੇ , ਇਕਰਾਰ ਬਾਰੇ ਸੋਚਦਾ ਹਾਂ

ਰੋਕ ਲੈਂਦੇ ਨੇ ਮੇਰੇ ਜਜ਼ਬਾਤ ਮੈਨੂੰ,
ਜਦ ਕਦੇ, ਇਜ਼ਹਾਰ ਬਾਰੇ ਸੋਚਦਾ ਹਾਂ

ਫਿਰ ਉਦ੍ਹੀ ਤਸਵੀਰ ਵੀ ਬੇਕਾਰ ਜਾਪੇ,
ਜਦ ਉਦ੍ਹੇ , ਕਿਰਦਾਰ ਬਾਰੇ ਸੋਚਦਾ ਹਾਂ

ਬੇਵਫ਼ਾ ਨਹੀਂ ਆਖਿਆ ਅਜ ਤਕ ਕਿਸੇ ਨੂੰ,
ਆਪਣੇ ਵਿਵਹਾਰ ਬਾਰੇ ਸੋਚਦਾ ਹਾਂ

ਇਹ ਕਰੇਗਾ ਮਾਰ ਇਕ ਦਿਨ, ਲਾਜ਼ਮੀ ਹੈ,
ਕਲਮ ਦੇ ਹਥਿਆਰ ਬਾਰੇ ਸੋਚਦਾ ਹਾਂ

ਭੇਤ ਪਹਿਲਾਂ ਪਾ ਲਵਾਂ, ਕੀ ਇਸ਼ਕ ਹੁੰਦੈ,
ਫੇਰ ਕੁਝ ਜਿੱਤ -ਹਾਰ ਬਾਰੇ ਸੋਚਦਾ ਹਾਂ

ਫਿਰ ਕਦੇ ਸੰਸਾਰ ਬਾਰੇ ਗੱਲ ਕਰਾਂਗੇ ,
ਮੈਂ ਅਜੇ ਘਰ-ਬਾਰ ਬਾਰੇ ਸੋਚਦਾ ਹਾਂ

ਦਿਲ ਕਹੇ, ਕਰ ਯਾਦ ਪਹਿਲਾਂ ਫਰਜ਼ ਮਹਿਰਮ,
ਮੈਂ ਜਦੋਂ ਅਧਿਕਾਰ ਬਾਰੇ ਸੋਚਦਾ ਹਾਂ

1 comment:

  1. Bahut vadhia vichar han...ik ik satar ik ik sutar hai...

    ReplyDelete