Wednesday, June 30, 2010

ਨਿਹੱਥਾ ਨਾ ਸਮਝ ਖੁਦ ਨੂੰ .................

ਗ਼ਜ਼ਲ .........................



ਜਿਵੇਂ ਸਤਿਕਾਰ ਚਾਹੁੰਨਾ ਏਂ , ਉਵੇਂ ਸਤਿਕਾਰ ਕਰਿਆ ਕਰ

ਤੂੰ ਬੰਦਾ ਏਂ ਤਾਂ ਬੰਦੇ ਵਾਂਗ ਹੀ ਵਿਵਹਾਰ ਕਰਿਆ ਕਰ



ਕਦੇ ਵੀ ਬਹਿਸ ਨਈਂ ਕਹਿੰਦੀ ਕਿ ਸ਼ਿਸ਼ਟਾਚਾਰ ਭੁੱਲ ਜਾਵੋ ,

ਤੂੰ ਐਵੇਂ ਜੋਸ਼ ਵਿੱਚ ਆ ਕੇ ਨ ਹੱਦਾਂ ਪਾਰ ਕਰਿਆ ਕਰ



ਕਦੇ ਇਨਕਾਰ ਕਰਦਾ ਏਂ , ਕਦੇ ਇਕਰਾਰ ਕਰਦਾ ਏਂ ,

ਜੋ ਚੱਲਦਾ ਹੈ ਤੇਰੇ ਦਿਲ ਵਿੱਚ ਉਦ੍ਹਾ ਇਜ਼ਹਾਰ ਕਰਿਆ ਕਰ



ਤੂੰ ਅਪਣੀ ਹੀ ਕਿਸੇ ਗੱਲ ਤੇ ਲਡ਼ੇਂ ਤਾਂ ਨਈਂ ਗਿਲਾ ਮੈਨੂੰ ,

ਰਕੀਬਾਂ ਲਈ ਮੇਰੇ ਸੰਗ ਨਾ ਕਦੇ ਤਕਰਾਰ ਕਰਿਆ ਕਰ



ਇਹ ਵੀ ਸੱਚ ਹੈ ਕਿ ਸਭ ਤੇ ਤਾਂ ਭਰੋਸਾ ਹੋ ਨਹੀਂ ਸਕਦਾ ,

ਮਗਰ ਜੋ ਤੈਨੂੰ ਚਾਹੁੰਦਾ ਹੈ ਉਦ੍ਹਾ ਇਤਬਾਰ ਕਰਿਆ ਕਰ



ਅਜ਼ਲ ਤੋਂ ਹੀ ਮੁਹੱਬਤ ਨੂੰ ਗੁਨਾਹ ਗਿਣਿਆ ਹੈ ਦੁਨੀਆਂ ਨੇ,

ਪਤਾ ਨਈਂ ਕਿਉਂ ਕਹੇ ਰਹਿਬਰ ਕਿ ਸਭ ਨੂੰ ਪਿਆਰ ਕਰਿਆ ਕਰ



ਨਿਹੱਥਾ ਨਾ ਸਮਝ ਖੁਦ ਨੂੰ ਕਲਮ ਜੇ ਕੋਲ ਹੈ ਤੇਰੇ ,

ਜਦੋਂ ਵੀ ਜੁਰਮ ਤੂੰ ਤੱਕੇਂ ਕਲਮ ਦਾ ਵਾਰ ਕਰਿਆ ਕਰ



ਜ਼ਮਾਨੇ ਵਿੱਚ ਭਲੇ ਦਾ ਹੁਣ ਸਮਾਂ ਤਾਂ ਨਈਂ ਰਿਹਾ ਮਹਿਰਮ

ਮਗਰ ਜੇ ਹੋ ਸਕੇ ਤੈਥੋਂ , ਤਾਂ ਪਰਉਪਕਾਰ ਕਰਿਆ ਕਰ

No comments:

Post a Comment