Monday, May 10, 2010

ਗ਼ਜ਼ਲ --ਉਡੀਕੇ ਰਾਤ ਦਿਨ ..............................



ਗ਼ਜ਼ਲ  ................................

ਉਹ ਆਕੜ ਵਿਚ ਸਹੇ ਦੇ ਵਾਂਗ ਰਾਹ ਵਿਚ ਬਹਿ ਗਿਆ ਹੋਣੈ
ਸਮੇਂ ਦੀ ਦੌੜ ਚੋਂ ਪਿੱਛੇ ਉਹ ਤਾਂ ਹੀ ਰਹਿ ਗਿਆ ਹੋਣੈ

ਕਦੇ ਭਾਵੁਕ , ਕਦੇ ਮਜ਼ਬੂਰ ਕਰਦੇ ਨੇ ਕਿਵੇਂ ਰਿਸ਼ਤੇ ,
ਬੜਾ ਕੁਝ ਸੋਚਦਾ ਇਸ ਵਹਿਣ ਵਿਚ ਉਹ ਵਹਿ ਗਿਆ ਹੋਣੈ

ਜ਼ਮਾਨੇ ਦੇ ਸਿਤਮ ਅੱਗੇ, ਜਿਨ੍ਹਾਂ ਦੀ ਪੇਸ਼ ਨਾ ਚੱਲੀ ,
ਬਣਾਇਆ  ਮਹਿਲ ਖਾਬਾਂ ਦਾ , ਉਨ੍ਹਾਂ ਦਾ ਢਹਿ ਗਿਆ ਹੋਣੈ

ਇਸੇ ਕਰਕੇ ਤੁੰ ਮੰਦਾ ਬੋਲਿਐ ਉਸਨੂੰ ਬਿਨਾਂ ਦੋਸ਼ੌਂ ,
ਕਦੇ ਪਹਿਲਾਂ ਉਹ ਚੁੱਪ ਕਰਕੇ ਬੜਾ ਕੁਝ ਸਹਿ ਗਿਆ ਹੋਣੈ

ਜੋ ਤੁਰਿਆ ਤੋੜ ਕੇ ਬੰਧਨ , ਮੁਕਾ ਕੇ ਸਾਂਝ ਦੇ ਰਿਸ਼ਤੇ ,
ਪਿਛਾਂਹ ਤੱਕਦਾ ਸੀ ਉਹ ਮੁੜ ਮੁੜ , ਅਜੇ ਕੁਝ ਰਹਿ ਗਿਆ ਹੋਣੈ

ਗਿਆ ਗ਼ਮਗੀਨ ਸੀ, ਮੁੜਿਐ ਤਾਂ ਹੌਲਾ ਫੁੱਲ ਜਿਹਾ ਲੱਗਿਆ,
ਸੁਣਾ ਕੇ ਯਾਰ ਨੂੰ ਦੁੱਖ , ਭਾਰ ਦਿਲ ਤੋਂ ਲਹਿ ਗਿਆ ਹੋਣੈ

ਉਨ੍ਹਾਂ ਦੀ ਅੱਖ ਚ ਕੰਕਰ ਵਾਂਗ ਰੜਕੇਂ ਨਾ ਕਿਵੇਂ ਤੂੰ ਵੀ ,
ਤੇਰਾ ਸੱਚ ਵੀ ਉਨ੍ਹਾਂ ਦੇ ਝੂਠ ਦੇ ਸੰਗ ਖਹਿ ਗਿਆ ਹੋਣੈ

ਉਡੀਕੇ ਰਾਤ ਦਿਨ 'ਮਹਿਰਮ', ਨਿਗਾਹ ਰੱਖਦੈ ਬਰੂਹਾਂ ਤੇ ,
'ਮੈਂ ਪਰਤਾਂਗਾ', ਕੋਈ ਉਸਨੂੰ ਕਦੇ ਇਹ ਕਹਿ ਗਿਆ ਹੋਣੈ
=========================== / 

No comments:

Post a Comment