Monday, March 15, 2010

ਗ਼ਜ਼ਲ ................................

ਗ਼ਜ਼ਲ

......................................



ਨਹੀਂ ਹੁੰਦੀ , ਨਹੀਂ ਹੁੰਦੀ , ਕਿ ਛੱਡ ਉਲਫ਼ਤ ਨਹੀਂ ਹੁੰਦੀ ।

ਕਿਸੇ ਦੇ ਨਾਲ ਵੀ ਮੈਥੋਂ ਤਾਂ ਹੁਣ ਨਫ਼ਰਤ ਨਹੀਂ ਹੁੰਦੀ ।



ਮੇਰੇ ਇਜ਼ਹਾਰ ਨੂੰ ਉਸ ਨੇ, ਪਤਾ ਨਈਂ ਕਿਸ ਤਰ੍ਹਾਂ ਲੈਣਾ ,

ਕਦੇ ਉਸ ਨਾਲ ਖੁੱਲ੍ਹ ਕੇ ਗੱਲ ਕਰਾਂ, ਹਿੰਮਤ ਨਹੀਂ ਹੁੰਦੀ ।



ਅਸੀਸਾਂ ਤੇ ਦੁਆਵਾਂ ਦੀ ਬੜੀ ਅਨਮੋਲ ਹੈ ਦੌਲਤ ,

ਇਹ ਮਿਲਦੀ ਹੈ ਬਜ਼ੁਰਗਾਂ ਤੋਂ, ਇਹਦੀ ਕੀਮਤ ਨਹੀਂ ਹੁੰਦੀ ।



ਉਹ ਬੰਦਾ ਕੱਲਾ - ਕੈਰੈ, ਪਰ ਉਸਾਰੀ ਮਹਿਲ ਜਾਂਦਾ ਏ,

ਨਿਰੀ ਬਿਲਡਿੰਗ ਹੀ ਤਾਂ ਦੁਨੀਆਂ ਦੇ ਵਿੱਚ ਸ਼ੁਹਰਤ ਨਹੀਂ ਹੁੰਦੀ ।



ਜਦੋਂ ਪਾਸਾ ਪਵੇ ਉਲਟਾ, ਉਦਾਸੀ ਛਾ ਹੀ ਜਾਂਦੀ ਹੈ ,

ਹਮੇਸ਼ਾ ਖੁਸ਼ ਰਹੇ ਦਿਲ, ਕਿਸਦੀ ਇਹ ਹਸਰਤ ਨਹੀਂ ਹੁੰਦੀ ।



ਨਾ ਦੂਜੇ ਦਾ ਭਲਾ ਹੁੰਦੈ, ਨਾ ਰਹਿੰਦੈ ਸ਼ਾਂਤ ਮਨ ਅਪਣਾ,

ਬਹਾਨੇ ਲਾਉਣ ਦੀ ਆਦਤ ਖ਼ਰੀ ਆਦਤ ਨਹੀਂ ਹੁੰਦੀ ।



ਬਗ਼ਾਵਤ ਹੱਕ ਲਈ ਕਰੀਏ ਤਾਂ ਇਹ ਮਿਹਣਾ ਨਹੀਂ ਹੁੰਦਾ,

ਮਗਰ ਹੱਕ ਮੰਗਣਾ, ਹਰ ਇੱਕ ਦੀ ਕਿਸਮਤ ਨਹੀਂ ਹੁੰਦੀ ।



ਕਦੋਂ ਆਵੇ , ਕਿਵੇਂ ਆਵੇ , ਉਹ ਆਵੇਗੀ ਬਿਨਾਂ ਦੱਸਿਆਂ ,

ਕਿਸੇ ਦੀ ਮੌਤ ਦਾ ਕਾਰਨ, ਘੜੀ, ਸੂਚਿਤ ਨਹੀਂ ਹੁੰਦੀ ।



ਉਨ੍ਹਾਂ ਨੇ ਹੱਥ ਮਿਲਾਏ ਨੇ , ਮਿਲਾਏ ਉੱਪਰੋਂ - ਉੱਪਰੋਂ,

ਕਿ ਮੌਕਾ-ਪ੍ਰਸਤ ਲੋਕਾਂ ਵਿੱਚ ਦਿਲੀ-ਇੱਜਤ ਨਹੀਂ ਹੁੰਦੀ ।



ਜੋ ਤੁਰਦੇ ਨੇ ਭਲੇ ਖ਼ਾਤਿਰ, ਉਹ ਹੱਦਬੰਦੀ ਨਹੀਂ ਕਰਦੇ ,

ਕਿਸੇ ਉਪਕਾਰ ਦੀ ਸੀਮਾ, ਕਦੇ ਸੀਮਤ ਨਹੀਂ ਹੁੰਦੀ ।



ਉਹ ਕੱਲੇ - ਕੱਲੇ ਹੋ ਕੇ ਜ਼ੁਲਮ ਸਹਿੰਦੇ ਜਾਂਦੇ ਨੇ 'ਮਹਿਰਮ',

ਜੇ ਇੱਕ ਜੁੱਟ ਹੋ ਗਏ ਹੁੰਦੇ, ਤਾਂ ਇਹ ਹਾਲਤ ਨਹੀਂ ਹੁੰਦੀ ।

===============================

1 comment:

  1. ਜਸਵਿੰਦਰ ਜੀ,
    ਅੱਜ ਤੁਹਾਡਾ ਬਲਾਗ ਪੜ੍ਹਨ ਦਾ ਸਬੱਬ ਬਣਿਆ, ਬਖਸ਼ਿੰਦਰ ਜੀ ਹੋਰਾਂ ਦੇ ਬਲਾਗ ਰਾਹੀਂ ।
    ਵੈਸੇ ਤਾਂ ਗਜ਼ਲ ਦਾ ਹਰ ਲਫ਼ਜ਼ ਹੀ ਡੂੰਘੇ ਅਰਥ ਰੱਖਦਾ ਹੈ ਪਰ ਇਨ੍ਹਾਂ ਸਤਰਾਂ 'ਚ ਤੁਸਾਂ ਬਹੁਤ ਹੀ ਵਧੀਆ ਤੇ ਸੱਚੀ ਗੱਲ ਕਹੀ ਹੈ.....
    ਮੇਰੇ ਇਜ਼ਹਾਰ ਨੂੰ ਉਸ ਨੇ,ਪਤਾ ਨਈਂ ਕਿਸ ਤਰ੍ਹਾਂ ਲੈਣਾ
    ਕਦੇ ਉਸ ਨਾਲ ਖੁੱਲ੍ਹ ਕੇ ਗੱਲ ਕਰਾਂ,ਹਿੰਮਤ ਨਹੀਂ ਹੁੰਦੀ
    ਦੂਸਰੇ ਦੇ ਰੁੱਖੇ ਸੁਭਾਅ ਕਾਰਨ ਇੱਕ ਕੋਮਲ ਦਿਲ ਇਨਸਾਨ ਆਪਣੀ ਗੱਲ ਕਹਿਣ ਤੋਂ ਵੀ ਗੁਰੇਜ਼ ਕਰਦਾ ਹੈ, ਜਦ ਕਿ ਦਿਲੋਂ ਓਹ ਉਸ ਰੁੱਖੇਦਿਲ ਵਾਲ਼ੇ ਨੂੰ ਚਾਹੇ ਕਿੰਨਾ ਵੀ ਪਿਆਰ ਕਰਦਾ ਹੋਵੇ।

    ਹਰਦੀਪ

    ReplyDelete