Monday, October 26, 2009

ਗ਼ਜ਼ਲ........ਰਹਿਬਰ ਤਾਂ ਸਮਝਾਉਂਦੇ ਆਏ .......

ਕੁਰਸੀ ਦੌੜ ' ਚ ਜਦ ਵੀ ਹੋਊ , ਉਹ ਹੀ ਸ਼ਾਮਿਲ ਹੋਵੇਗਾ ।
ਜੋ ਲੋਕਾਂ ਨੂੰ ਝੂਠੇ ਲਾਰੇ ਲਾਉਣ ਦੇ ਕਾਬਿਲ ਹੋਵੇਗਾ ।

ਕੋਸ਼ਿਸ਼ ਕਰ ਕੇ ਦੇਖ ਜ਼ਰਾ ਤੂੰ, ਅਪਣੀ ਮੰਜ਼ਿਲ ਪਾਉਣੀ ਜੇ,
ਜਿੱਤ ਨਹੀਂ ਤਾਂ 'ਹਾਰ" ਦਾ ਕਾਰਨ , ਕੁਝ ਤਾਂ ਹਾਸਿਲ ਹੋਵੇਗਾ ।

ਅਪਣੇ ਆਪ ਤਾਂ ਕੁਝ ਨਈਂ ਆਉਂਦੈ , ਸਭ ਕੁਝ ਸਿੱਖਣਾ ਪੈਂਦਾ ਹੈ,
ਉਸਨੂੰ ਮੰਜ਼ਿਲ ਮਿਲਣੀ ਜਿਸਦਾ , ਮੁਰਸ਼ਦ ਕਾਮਿਲ ਹੋਵੇਗਾ ।

ਉਸਨੇ ਅਪਣੀ ਰਾਖੀ ਖ਼ਾਤਿਰ , ਐਨੀ ਗਾਰਦ ਰੱਖੀ ਹੈ ,
ਸੋਚ ਲਵੋ ਲੋਕਾਂ ਦਾ ਨੇਤਾ , ਕਿੰਨਾ ਬੁਜ਼ਦਿਲ ਹੋਵੇਗਾ ।

ਫਿਰ ਤਾਂ ਕਿਸੇ ਬੇਦੋਸ਼ੇ ਨੂੰ ਹੀ , ਟੰਗਿਆ ਜਾਊ ਫਾਂਸੀ 'ਤੇ,
ਜੱਜਾਂ ਦੀ ਟੋਲੀ ਵਿੱਚ ਹੀ ਜੇ , ਬੈਠਾ ਕਾਤਿਲ ਹੋਵੇਗਾ ।

ਕੁੱਖ ਵਿੱਚ ਕਤਲ ਕਰਾ ਕੇ ਧੀ ਨੂੰ , ਪੁੱਤ ਦੇ ਸੁਪਨੇ ਲੈਂਦੀ ਜੋ,
ਐਸੀ ਮਾਂ ਦੇ ਸੀਨੇ ਵਿੱਚ ਤਾਂ , ਪੱਥਰ ਦਾ ਦਿਲ ਹੋਵੇਗਾ ।

ਤੇਰੀ ਮੰਜ਼ਿਲ ਪੂਰਬ ਹੈ ਤੇ ਮੇਰੀ ਮੰਜ਼ਿਲ ਪੱਛਮ ਹੈ ,
ਫੇਰ ਕਿਵੇਂ ਦੱਸ ਤੇਰਾ ਮੇਰਾ ਇਕ ਹੀ ਸਾਹਿਲ ਹੋਵੇਗਾ ।

ਪਲ ਵਿਚ ਮੁੱਖੜਾ ਮੋੜ ਗਿਆ ਏ, ' ਭੁੱਲ ਜਾ ਮੈਨੂੰ ' ਕਹਿ ਕੇ ਜੋ ,
ਉਹ ਕੀ ਜਾਣੇਂ ਉਸਨੂੰ ਭੁੱਲਣਾ , ਕਿੰਨਾ ਮੁਸ਼ਕਿਲ ਹੋਵੇਗਾ ।

ਟੇਡੇ ਮੇਡੇ ਰਾਹਾਂ 'ਤੇ ਵੀ , ਤੁਰਨਾ ਪੈਂਦਾ ਜੀਵਨ ਵਿਚ ,
ਕਦਮ ਕਦਮ 'ਤੇ ਠੋਕਰ ਖਾਊ , ਜੋ ਵੀ ਗਾਫ਼ਿਲ ਹੋਵੇਗਾ ।

ਰਹਿਬਰ ਤਾਂ ਸਮਝਾਉਂਦੇ ਆਏ , ਬੰਦਾ ' ਬੰਦਾ' ਬਣਿਆ ਨਈਂ,
ਆਸ ਨਹੀਂ ਸੀ ' ਮਹਿਰਮ ', ਬੰਦਾ ਏਨਾ ਜਾਹਿਲ ਹੋਵੇਗਾ ।
====================================

No comments:

Post a Comment