Showing posts with label ਗ਼ਜ਼ਲ. Show all posts
Showing posts with label ਗ਼ਜ਼ਲ. Show all posts

Sunday, February 22, 2009

ਇਸ਼ਕ ਜਦੋਂ ਵੀ ਹੋ ਜਾਂਦਾ ਹੈ ......

ਇਸ਼ਕ ਜਦੋਂ ਵੀ ਹੋ ਜਾਂਦਾ ਹੈ, ਏਦਾਂ ਹੋਸ਼ ਭੁਲਾ ਦਿੰਦਾ ਹੈ
ਜਿਉਂ ਪਰਵਾਨਾ ਸ਼ਮਾਂ ਤੇ ' ਮਰ ਕੇ ' ਅਪਨਾ ਆਪ ਲੁਟਾ ਦਿੰਦਾ ਹੈ

ਕਸਮਾਂ ਖਾ ਕੇ ਵਾਅਦੇ ਕਰਕੇ ਵੀ ਔਕਾਤ ਦਿਖਾ ਦਿੰਦਾ ਹੈ
ਬੇਕਦਰਾ ਇਨਸਾਨ ਹਮੇਸ਼ਾ ਸਭ ਅਹਿਸਾਨ ਭੁਲਾ ਦਿੰਦਾ ਹੈ

ਦਰਦ ਵਿਛੋੜੇ ਵਾਲਾ, ਜਦ ਵੀ ਉਠਦੈ , ਜਾਨ ਸੁਕਾ ਦਿੰਦਾ ਹੈ
ਲੇਕਿਨ ਤੇਰੇ ਆਉਣ ਦਾ ਲਾਰਾ, ਜੀਣ ਦੀ ਤਾਂਘ ਵਧਾ ਦਿੰਦਾ ਹੈ

ਬੰਦਾ ਅਪਨੀ ਚੁਸਤੀ ਵਿਚ ਹੀ, ਵਸਦੇ ਘਰ ਵੀਰਾਨ ਕਰੇ,
ਪਰ -ਬੱਚਾ ਤਾਂ ਅਣਭੋਲਪੁਣੇ ਵਿਚ , ਰੋਂਦੇ ਲੋਕ ਹਸਾ ਦਿੰਦਾ ਹੈ

ਤਕੜੇ ਦੇ ਹੱਥ ਦੀ ਕਠਪੁਤਲੀ, ਬਣ ਜਾਂਦੈ ਹਰ ਵਾਰੀ ਹਾਕਮ,
ਮਾਤੜ ਬੰਦਾ ਮੁੜ ਮੁੜ ਉਸਦੇ ਸਿਰ ਤੇ ਤਾਜ ਸਜਾ ਦਿੰਦਾ ਹੈ

ਉਸਦੇ ਬਾਰੇ ਚੰਗੀ ਮੰਦੀ ਹੁੰਦੀ ਰਹਿੰਦੀ ਹਰ ਥਾਂ ਚਰਚਾ,
ਲੱਗਦੈ ਬੰਦਾ ਠੀਕ ਨਹੀਂ ਉਹ, ਐਵੇਂ ਕੌਣ ' ਹਵਾ ' ਦਿੰਦਾ ਹੈ

ਖ਼ੁਦ ‍ਨੂੰ ਦਰਦ ਮਿਲੇ ਤਾਂ ਦਰਦ ਪਰਾਇਆ ਵੀ ਫਿਰ ਲਗਦੈ ਅਪਨਾ,
ਦਰਦ ਮਿਲੇ ਤਾਂ ਦਰਦ ਵੰਡਾਉਣਾ ਏਹੀ ਦਰਦ ਸਿਖਾ ਦਿੰਦਾ ਹੈ

ਆਪੇ ਗੁੱਸੇ ਕਰਕੇ ਉਸਨੂੰ , ਆਪੇ ਫੇਰ ਮਨਾਵਾਂ ਜਦ ਮੈਂ ,
ਮੇਰਾ ਤਰਲਾ, ਉਸਦਾ ਨਖ਼ਰਾ, ਸਾਨੂੰ ਬਹੁਤ ਮਜ਼ਾ ਦਿੰਦਾ ਹੈ

ਯਾਰਾਂ ਦੀ ਜੋ ਭੀੜ ਬੜੀ ਹੈ , ਭੀੜ ਬਣੀ ਤੇ ਪਰਖ ਲਵਾਂਗਾ,
ਕਿਹੜਾ ਯਾਰ ਹਿਤੈਸ਼ੀ ਬਣਦੈ , ਕਿਹੜਾ ਯਾਰ ਦਗ਼ਾ ਦਿੰਦਾ ਹੈ

ਪਿਆਰ-ਮੁਹੱਬਤ , ਮੇਲ -ਵਿਛੋੜਾ , ਦਰਦ , ਤਸੀਹੇ , ਰੋਸੇ , ਧੋਖੇ ,
ਜੋ ਵੀ ਦਿਲ ਨੂੰ ਲੱਗ ਜਾਂਦਾ ਹੈ , ਹੱਥ ਵਿਚ ਕਲਮ ਫੜਾ ਦਿੰਦਾ ਹੈ

ਦਿਲ ਦਾ ਰੋਗ ਅਵੱਲਾ ਹੁੰਦੈ , ਦੇਖੀਂ ' ਮਹਿਰਮ ' ਲਾ ਨਾ ਬੈਠੀਂ ,
ਲਗ ਜਾਵੇ ਤਾਂ ਫਿਰ ਨਾ ਕੋਈ ਵੈਦ ਹਕੀਮ ਦਵਾ ਦਿੰਦਾ ਹੈ

Saturday, February 21, 2009

ਦੋ ਰੰਗ ਦੀ ਹੈ ਜ਼ਿੰਦਗੀ..............


ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਵੀਰਾਨ ਵੀ

ਹੈ ਜੀਅ ਰਿਹਾ ਹਰ ਹਾਲ ਵਿੱਚ, ਕੀ ਚੀਜ਼ ਹੈ ਇਨਸਾਨ ਵੀ

ਸੱਚ ਝੂਠ ਹੈ ਇਹ ਜ਼ਿੰਦਗੀ, ਕੰਡਾ ਵੀ, ਹੈ ਇਹ ਫੁੱਲ ਵੀ ,

ਉਲਫ਼ਤ ਵੀ ਹੈ, ਨਫ਼ਰਤ ਵੀ ਹੈ, ਇਖਲਾਕ ਵੀ ਈਮਾਨ ਵੀ

ਹਰ ਸਖਸ਼ ਹੀ ਹੁੰਦਾ ਨਹੀਂ ਨਫ਼ਰਤ ਦਾ ਪਾਤਰ ਦੋਸਤੋ ,

ਕੀਤੇ ਨੇ ਪੈਦਾ ਰੱਬ ਨੇ ਇਨਸਾਨ ਵੀ ਸ਼ੈਤਾਨ ਵੀ

ਹੁੰਦੇ ਕਰੀਬ ਨੇ ਉਹ ਮੇਰੇ, ਫਿਰ ਦੂਰ ਹੋ ਜਾਵਣ ਕਦੇ ,

ਇੱਕ ਪਲ ਚ ਹੁੰਦੇ ਨੇ ਖਫ਼ਾ, ਇੱਕ ਪਲ ਚ ਮੇਹਰਬਾਨ ਵੀ

ਘਰ ਵਿੱਚ ਅਕੇਲੇ ਸਖਸ਼ ਨੂੰ ਆਉਣਾ ਮਜ਼ਾ ਕੀ ਜਸ਼ਨ ਦਾ ,

ਉਹ ਮੇਜ਼ਬਾਨ ਵੀ ਖ਼ੁਦ ਬਣੂ , ਖ਼ੁਦ ਹੀ ਬਣੂ ਮਹਿਮਾਨ ਵੀ

ਬੀਤੇ ਸਮੇਂ ਨੂੰ ਯਾਦ ਜੇਕਰ , ਕਰ ਲਵਾਂ ਅਣਭੋਲ ਮੈਂ ,

ਹੁੰਦਾ ਹੈ ਦਿਲ ਬੇਜ਼ਾਬਤਾ, ਪਰੇਸ਼ਾਨ ਵੀ, ਹੈਰਾਨ ਵੀ

ਰੋਟੀ ਨਹੀਂ ਲੰਗਰ ਬੜੇ , ਕੱਪੜਾ ਨਹੀਂ ਫੈਸ਼ਨ ਬੜੇ ,

ਮਜ਼ਦੂਰ ਵੀ ਨੰਗਾ ਫਿਰੇ, ਭੁੱਖਾ ਮਰੇ ਕਿਰਸਾਨ ਵੀ

ਉਸ ਨੇ ਜ਼ਮਾਨੇ ਨੂੰ ਬੜਾ ਹੀ ਚਾਰਿਆ ਹੈ ਦੋਸਤਾ ,

ਜੋ ਜਾਪਦਾ ਹੈ ਬੇਅਕਲ, ਅਣਜਾਣ ਵੀ, ਨਾਦਾਨ ਵੀ

ਕਿੰਨਾ ਸਿਆਣਾ ਹੋ ਗਿਆ ਇਨਸਾਨ ਮੇਰੇ ਸ਼ਹਿਰ ਦਾ ,

ਰਿਸ਼ਤਾ ਵੀ ਚਾਹੁੰਦਾ ਪਾਲਣਾ , ਦੇਖੇ ਨਫ਼ਾ ਨੁਕਸਾਨ ਵੀ

ਪੈਸਾ ਮਿਲੇ ਤਾਂ ਆਦਮੀ ਸਭ ਕੁਝ ਖਰੀਦੇ ' ਮਹਿਰਮਾ ' ,

ਪਹਿਚਾਨ ਵੀ, ਅਹਿਸਾਨ ਵੀ, ਸਨਮਾਨ ਵੀ, ਭਗਵਾਨ ਵੀ

------------------------------------------------

Tuesday, February 10, 2009

ਦਿਲ ਤਾਂ ਮੰਗੇ ਇਸ਼ਕ ਚ...

ਦਿਲ ਤਾਂ ਮੰਗੇ ਇਸ਼ਕ ਚ ਖੁਸ਼ੀਆਂ ਖੇੜੇ ਸੋਨ ਸਵੇਰੇ

ਦਿੰਦੈ ਵਕਤ ਹਮੇਸ਼ਾ ਘੋਰ - ਤਸੀਹੇ , ਘੁੱਪ ਹਨੇਰੇ

ਬੇਵੱਸ ਹੋ ਕੇ ਹੀਰ ਜਦੋਂ ਵੀ ' ਰੰਗਪੁਰ ' ਜਾ ਕੇ ਬੈਠੂ ,

ਸ਼ਾਂਤ ਨਹੀਂ ਕਰ ਸਕਦੇ ' ਰਾਂਝੇ ' ਨੂੰ ' ਗੋਰਖ ' ਦੇ ਡੇਰੇ

ਏਨਾ ਆਖ ਮਰੀ ਪਛਤਾਕੇ ਥਲ ਵਿੱਚ ਸੜਦੀ ਸੱਸੀ,

' ਲੱਗੀ ਵਾਲੇ ' ਸੌਣ ਜਦੋਂ ਵੀ , ਓਦੋਂ ਪੈਣ ਲੁਟੇਰੇ

ਪੇਕੇ ਘਰ ਤੋਂ ਬੇਟੀ ਵੀ ਤਾਂ ਤੁਰਦੀ ਭਰ ਕੇ ਅੱਖਾਂ,

ਡਾਰੋਂ ਵਿੱਛੜੀ ਕੂੰਜ ਕਿਵੇਂ ਨਾ ਚੀਖੇ , ਹੰਝੂ ਕੇਰੇ

ਆ ਤੈਨੂੰ ਅੱਜ ਉਸ ਦੇ ਅੱਗੇ ਝੁਕਦੇ ਸੀਸ ਦਿਖਾਵਾਂ,

ਕੱਲ ਜਿਸ ਦੀ ਪਿੱਠ ਪਿੱਛੇ ਲੋਕਾਂ ਨੇ ਸੀ ਬੁੱਲ ਅਟੇਰੇ

ਦੇਖਣ ਨੂੰ ਤਾਂ ਹਰ ਇੱਕ ਬੰਦਾ ਖੁਸ਼ ਹੀ ਜਾਪੇ , ਲੇਕਿਨ,

ਦਿਲ ਵਿੱਚ ਉਸ ਨੇ ਰੱਖੇ ਹੁੰਦੇ ਦੱਬ ਕੇ ਦੁੱਖ ਬਥੇਰੇ

ਪਰਦੇਸੀ ਮਾਹੀ ਨੇ ਖਬਰੇ ਕਿਸ ਦਿਨ ਮੁੜਨੈ ਘਰ ਨੂੰ ,

ਐਵੇਂ ਕਾਂ ਕਾਂ ਲਾਈ ਰੱਖਦੈ ਨਿੱਤ ਹੀ ਕਾਗ ਬਨੇਰੇ

ਤੈਨੂੰ ਕਾਹਤੋਂ ਅਪਣੀ ਦੁਨੀਆਂ ਲੱਗਦੀ ਸਿਮਟੀ ਸਿਮਟੀ,

ਤੇਰੀ ਮੇਰੀ ਚਰਚਾ ਹੁੰਦੀ ਰਹਿੰਦੀ ਚਾਰ ਚੁਫੇਰੇ

ਤੈਨੂੰ ਮੇਰੇ ਨਾਲ ਰਹੀ ਨਾ ਪਿਆਰ, ਮੁਹੱਬਤ , ਨਫਰਤ,

ਪਰ ਮੈਨੂੰ ਤਾਂ ਆਉਂਦੇ ਰਹਿੰਦੇ ਹੁਣ ਵੀ ਸੁਫਨੇ ਤੇਰੇ

ਦਿਲ ਭੈੜਾ ਹਮਦਰਦਾਂ ਅੱਗੇ ਫਿੱਸ ਪੈਂਦਾ ਕਿਉਂ ' ਮਹਿਰਮ ',

ਉਲਫਤ ਵਿੱਚ ਤਾਂ ਰੱਖਣੇ ਪੈਂਦੇ ਪਰਬਤ ਵਰਗੇ ਜੇਰੇ

--------------------------------------------------

ਉਹ ਖੁਦਾ ਹੋ ਗਿਆ ਲਗਦਾ ਹੈ

ਓਹ ਜਦ ਵੀ ਖਫ਼ਾ ਹੋ ਗਿਆ ਲਗਦਾ ਹੈ

ਮੈਥੋਂ ਕੁਝ ਬੁਰਾ ਹੋ ਗਿਆ ਲਗਦਾ ਹੈ

ਲਗਦਾ ਸੀ ਮੇਰੇ ਨਾਲ ਬੁਰਾ ਨਹੀਂ ਹੋ ਸਕਦਾ,

ਇਹ ਵੀ ਕਈ ਦਫਾ ਹੋ ਗਿਆ ਲਗਦਾ ਹੈ

ਉਸਦੀ ਹਰਕਤ ਦੱਸਦੀ ਮੇਰੇ ਤੇ ਉਸ ਨੂੰ ,

ਕੋਈ ਸ਼ੱਕ ਸ਼ੁਬਾ ਹੋ ਗਿਆ ਲਗਦਾ ਹੈ

ਕੀ ਆਖਾਂ ਜਦੋਂ ਭਾਲਿਆਂ ਮਿਲਦਾ ਨਈਂ,

ਅੱਜ ਕਲ ਉਹ ਖ਼ੁਦਾ ਹੋ ਗਿਆ ਲਗਦਾ ਹੈ

ਅੱਖਰ ਮਿਟ ਗਏ ਧੱਬੇ ਦਿਸਣ ਸਿਆਹੀ ਦੇ,

ਤੈਥੋਂ ਖ਼ਤ ਗਿੱਲਾ ਹੋ ਗਿਆ ਲਗਦਾ ਹੈ

ਉਹਦੀ ਸੂਰਤ ਦੱਸਦੀ ਹੈ ਹੁਣ ਉਹਦੇ ਤੇ ,

ਸ਼ੀਸ਼ਾ ਵੀ ਫਿਦਾ ਹੋ ਗਿਆ ਲਗਦਾ ਹੈ

ਯਾਰੀ, ਰਿਸ਼ਤੇਦਾਰੀ , ਸੱਚੀ ਹਮਦਰਦੀ ,

ਸਭ ਕੁਝ ਹੀ ਹਵਾ ਹੋ ਗਿਆ ਲਗਦਾ ਹੈ

ਦਿੰਦਾ ਏ ਦੁੱਖ ਬਿਰਹਾ ਸਭ ਨੂੰ ਇਸ਼ਕੇ ਵਿੱਚ ,

ਮੈਨੂੰ ਤਾਂ ਇਹ ਵਫ਼ਾ ਹੋ ਗਿਆ ਲਗਦਾ ਹੈ

ਜਦ ਤੱਕ ਉਹ ਅੱਖ ਮੇਲੇ , ਹੱਸੇ , ਬੋਲੇ ਨਾ ,

ਰੂਹ ਤੋਂ ਬੁੱਤ ਜੁਦਾ ਹੋ ਗਿਆ ਲਗਦਾ ਹੈ

ਉਸਦੀ ਸੂਰਤ , ਸੀਰਤ , ' ਮਹਿਰਮ ' ਐਸੀ ਹੈ ,

ਹਰ ਕੋਈ ਫਿਦਾ ਹੋ ਗਿਆ ਲਗਦਾ ਹੈ

ਖ਼ੁਦ ਹੀ ਖ਼ੁਦ ਨੂੰ ਕਹਿ ਰਿਹਾ ' ਪਾਗਲ ' ਕਮਲਾ ,

' ਮਹਿਰਮ ' ਨੂੰ ਸ਼ੁਦਾ ਹੋ ਗਿਆ ਲਗਦਾ ਹੈ

---------------------------------

ਕਿਸ ਤਰਾਂ ਦਾ ਰਾਜ ਤੇਰਾ...

ਕੀ ਵਜਾ ਹਰ ਤਰਫ਼ ਮਚਦੀ ਰੋਜ਼ ਹਾਹਾਕਾਰ ਹੈ /
ਕਿਸ ਤਰਾਂ ਦਾ ਰਾਜ ਤੇਰਾ ਕੀ ਤੇਰੀ ਸਰਕਾਰ ਹੈ /

ਕੀ ਹੈ ਇਸ ਵਿੱਚ ਰਾਜ਼ , ਸਭ ਕੁਝ ਕਿਉਂ ਅਮੀਰਾਂ ਵਾਸਤੇ ,
ਤੁੰ ਉਨਾਂ ਤੋਂ ਪੁੱਛ ਜਿਨਾਂ ਦੇ ਕੋਲ ਕੋਠੀ ਕਾਰ ਹੈ /

ਚੁਣ ਰਹੇ ਜੇ ਲੋਕ ਅੱਖਾਂ ਮੀਟ ਕੇ ਨੇ ਰਹਿਨੁਮਾ ,
ਦੇ ਰਹੀ ਉਸ ਜ਼ੁਰਮ ਦੀ ਸਭ ਨੂੰ ਸਜ਼ਾ ਸਰਕਾਰ ਹੈ /

ਡਿਗਰੀਆਂ ਨੂੰ ਮਾਰ ਕੱਛੇ ਫਿਰ ਰਹੇ ਨੇ ਦਰ-ਬ-ਦਰ ,
ਕਾਮਿਆਂ ਦੀ ਭੀੜ ਬੈਠੀ ਚੌਂਕ ਵਿੱਚ ਬੇਕਾਰ ਹੈ /

ਦਿਨ ਢਲੇ ਬਦਨਾਮ ਲੋਕਾਂ ਦਾ ਬਣੇ ਮਹਿਮਾਨ ਜੋ ,
ਦਿਨ ਚੜੇ ਤੇ ਜੋੜ ਕੇ ਹੱਥ ਭਾਲਦਾ ਸਤਿਕਾਰ ਹੈ /

ਛੱਡ ਦਿਲਾ ਮਤ ਰੋਕ ਉਸ ਨੂੰ ਜਾ ਰਿਹਾ ਜੋ ਜਾਣ ਦੇ ,
ਪੈਸੇ ਦੀ ਭੱਜ-ਦੌੜ ਦੇ ਵਿੱਚ ਸੁਣਦਾ ਕੌਣ ਪੁਕਾਰ ਹੈ /

ਹਰ ਗਲੀ ਦੇ ਮੋੜ ਤੇ ਹੁਣ ਖੁੱਲ ਗਿਆ ਹੈ ਮੈਅਕਦਾ ,
ਦੋਸਤਾ ਸਰਕਾਰ ਸਾਡੀ ਦਾ ਬੜਾ ਉਪਕਾਰ ਹੈ /

ਮਿਲ ਰਿਹਾ ਨਾ ਚੈਨ ਦਿਲ ਨੂੰ , ਮੈਂ ਖ਼ਬਰ ਕਿਸ ਤੋਂ ਲਵਾਂ ,
ਕੀ ਪਤਾ ਕਿਸ ਹਾਲ ਵਿੱਚ ਬੈਠੀ ਮੇਰੀ ਸਰਕਾਰ ਹੈ /

ਇਸ਼ਕ ਦੇ ਵਣਜਾਰਿਆਂ ਦੀ , ਪਰਖ ਹੋਣੀ ਉਸ ਘੜੀ ,
ਜਦ ਬਣੀ ਦੀਵਾਰ ਦੁਨੀਆਂ ਦੋ ਦਿਲਾਂ ਵਿਚਕਾਰ ਹੈ /

ਤੂੰ ਕਿਸੇ ਨੂੰ ਅਕਲ ਨਾ ਦੇ , ਤੂੰ ਕਿਸੇ ਨੂੰ ਟੋਕ ਨਾ ,
ਹਰ ਬਸ਼ਰ ਹੀ ਸਮਝਦਾ ਖ਼ੁਦ ਨੂੰ ਬੜਾ ਫ਼ਨਕਾਰ ਹੈ /

' ਮਹਿਰਮਾ ' ਕਰ ਹੋਸ਼ , ਨਾ ਕਰ ਦੌਲਤਾਂ ਦਾ ਮਾਣ ਤੂੰ ,
ਉਹ ਸਮੇਂ ਨੇ ਮਾਰਿਆ ਜੋ ਕਰ ਗਿਆ ਹੰਕਾਰ ਹੈ /
----------------------------------------------

ਵਗਦੀਆਂ ਦੇਖ ਕੇ .....

ਵਗਦੀਆਂ ਦੇਖ ਕੇ ਪਿੰਡੀਂ ਸ਼ਹਿਰੀਂ ਤੱਤੀਆਂ ਤੇਜ਼ ਹਵਾਵਾਂ ☬

ਅਪਨੇ ਆਪ ਨੂੰ ਪੁੱਛਦੈ ਬੰਦਾ ਕਿੱਧਰ ਨੂੰ ਤੁਰ ਜਾਵਾਂ ☬

ਬਾਹਰੋਂ ਡਰ ਕੇ ਘਰ ਨੂੰ ਆ ਜਾਊ , ਘਰ ਤੋਂ ਜਾਊ ਕਿੱਥੇ ,

ਜਿਸ ਨੂੰ ਸਦਾ ਡਰਾਉਂਦਾ ਰਹਿੰਦਾ ਆਪਣਾ ਹੀ ਪਰਛਾਵਾਂ ☬

ਹੱਤਿਆਵਾਂ , ਖ਼ੁਦਕਸ਼ੀਆਂ , ਚੋਰੀਆਂ ,ਡਾਕੇ , ਬੰਬ ਧਮਾਕੇ ,

ਕਿੱਧਰੋਂ ਆ ਕੇ ਚਿੰਬੜ ਗਈਆਂ ਸਾਨੂੰ ਕਈ ਬਲਾਵਾਂ ☬

ਬੇਰੁਜ਼ਗਾਰੀ, ਚੋਰ -ਬਜ਼ਾਰੀ, ਰਿਸ਼ਵਤਖੋਰੀ ਵਧ ਗਈ ,

ਸਰਕਾਰਾਂ ਦੇ ਜਲਵੇ ਨੇ , ਕੀ ਸਿਫ਼ਤਾਂ ਹੋਰ ਸੁਣਾਵਾਂ ☬

ਪੋਸਤ, ਭੁੱਕੀ, 'ਫੀਮ, ਸ਼ਰਾਬਾਂ, ਨਿਕ-ਸੁਕ ਵੋਟਾਂ ਵੇਲੇ ,

ਲੋਕਾਂ ਦੇ ਘਰ ਜਾ ਜਾ ਵੰਡਿਆ ਹੱਥੀਂ ਆਪ ਨੇਤਾਵਾਂ ☬

ਘਰ ਦਾ ਵਿਹੜਾ, ਸੜਕਾਂ , ਰਸਤੇ, ਰੁੱਖਾਂ ਬਿਨ ਸੱਖਣੇ ਨੇ ,

ਲੋੜ ਪਈ ਜੇ ਲੱਭਣ ਤੁਰੀਏ ਦਿਸਦਾ ਟਾਵਾਂ ਟਾਵਾਂ ☬

ਵੀਰਾਂ ਦੀ ਬਾਂਹ ਹੁੰਦੇ ਵੀਰੇ , ਇਹ ਗੱਲ ਦਿਲ ਨਹੀਂ ਮੰਨਦਾ,

ਦੌਲਤ ਖਾਤਿਰ ਮਾਰ ਦਿੱਤਾ ਹੈ ਕੱਲ ਇੱਕ ਵੀਰ, ਭਰਾਵਾਂ ☬

ਸ਼ੇਰਾਂ ਵਰਗੇ ਪੁੱਤਰਾਂ ਨੂੰ ਜਦ ਘੁਣ ਨਸ਼ਿਆਂ ਦਾ ਲੱਗੇ ,

ਢਿੱਡ ਵਿੱਚ ਮੁੱਕੀਆਂ ਮਾਰਨ, ਵਿਲਕਣ , ਤੜਫਣ, ਝੂਰਨ ਮਾਵਾਂ ☬

ਮਾਰ ਦਿੱਤੀ ਹੈ ਜਨਮ ਤੋਂ ਪਹਿਲਾਂ ਕੁੱਖ ਵਿੱਚ ਧੀ ਅੱਜ ਜਿਸਨੇ ,

ਪੁੱਤਰ ਲਈ ਕੱਲ ਪੁੱਛਣਾ ਉਸ ਨੇ ਕੁੜੀਆਂ ਦਾ ਸਿਰਨਾਵਾਂ ☬

ਕੁੱਲੀ, ਗੁੱਲੀ , ਜੁੱਲੀ ਦਾ ਸਰਕਾਰ ਕਰੇ ਹੱਲ , ਨਹੀਂ ਤਾਂ ,

ਆ ਰਹੇ ਵਕਤ ਨੇ ਘੱਟ ਨਈਂ ਕਰਨੀ ਦੇਣੀਆਂ ਸਖ਼ਤ ਸਜ਼ਾਵਾਂ ☬

ਹਰ ਥਾਂ ਬੂਟੇ ਲਾਵੋ ' ਮਹਿਰਮ ' , ਤਾਂ ਹੀ ਮਾਣ ਸਕਾਂਗੇ ,

ਫਲ , ਫੁੱਲ , ਮਹਿਕਾਂ , ਪਿੱਪਲੀਂ ਪੀਂਘਾਂ ਤੇ ਤੂਤਾਂ ਦੀਆਂ ਛਾਵਾਂ ☬

---------------------------------------------------------

ਜੇ ਕਦੇ ਨਾ ਹਾਦਸੇ ਹੁੰਦੇ ....

ਜ਼ਿੰਦਗੀ ਵਿੱਚ ਜੇ ਕਦੇ ਨਾ ਹਾਦਸੇ ਹੁੰਦੇ
ਰਿਸ਼ਤਿਆਂ ਵਿੱਚ ਇਸ ਤਰਾਂ ਨਾ ਫਾਸਲੇ ਹੁੰਦੇ

ਦੁਸ਼ਮਣੀ ਵਿੱਚ ਦੁਸ਼ਮਣਾਂ ਦਾ ਇਲਮ ਹੁੰਦਾ ਹੈ ,
ਦੋਸਤਾਂ ਦੇ ਵਾਰ ਹੀ ਨੇ ਢਕੇ - ਛਿਪੇ ਹੁੰਦੇ

ਸ਼ੀਸ਼ਿਆਂ ਦੇ ਘਰ ਬਣਾ ਕੇ, ਸ਼ੌਕ ਲੋਕਾਂ ਦਾ ,
ਹਰ ਜਗਹ ਪੱਥਰ ਸਜਾ ਕੇ ਵੀ ਧਰੇ ਹੁੰਦੇ

ਜੀ - ਹਜ਼ੂਰੀ ਸਿੱਖਦਾ , ਕਰਦਾ ਕਦੇ ਚੁਗਲੀ ,
ਜ਼ਿੰਦਗੀ ਭਰ ਫਿਰ ਬੜੇ ਤੇਰੇ ਮਜ਼ੇ ਹੁੰਦੇ

ਜਦ ਕਦੇ ਇਲਜ਼ਾਮ ਲੱਗਾ, ਵਕਤ ਮੰਦਾ ਸੀ ,
ਆਦਮੀ ਤਾਂ ਹਰ ਜਗਹ ਚੰਗੇ - ਭਲੇ ਹੁੰਦੇ

ਨਾ ਜਰੇ ਘਰ ਵਿੱਚ ਜੋ ਮਹਿਮਾਨ ਦੀ ਆਮਦ ,
ਮਹਿਫਿਲਾਂ ਵਿੱਚ ਓਸਦੇ ਨਖ਼ਰੇ ਬੜੇ ਹੁੰਦੇ

ਤੂੰ ਕਿਵੇਂ ਪਰਵਾਜ਼ ਭਰਦਾ ਪੰਛੀਆ ਏਦਾਂ ,
ਜ਼ਾਲਮਾਂ ਨੇ ਜੇ ਤੇਰੇ ਵੀ ਪਰ ਕਟੇ ਹੁੰਦੇ

ਦਿਲ ਕਰੇਂ ਜੇ ਸਾਫ਼ ਤਾਂ ਗੱਲ ਖੁੱਲ ਕੇ ਹੋਣੀ ,
ਬੰਦਸ਼ਾਂ ਵਿੱਚ ਦੂਰ ਨਹੀਂ ਗੁੱਸੇ - ਗਿਲੇ ਹੁੰਦੇ

ਨਾ ਦਿਸੇਂ ਤਾਂ ਫਿਰ ਬੜਾ ਬੇਚੈਨ ਰਹਿੰਦਾ ਦਿਲ,
ਮਿਲਣ ਤੇ ਵੀ ਜਖ਼ਮ ਦਿਲ ਦੇ ਹੀ ਹਰੇ ਹੁੰਦੇ

ਤੜਪਣਾ , ਵੈਰਾਗ , ਵਾਦੇ , ਭਟਕਣਾ ' ਮਹਿਰਮ ',
ਇਸ਼ਕ ਵਿੱਚ ਨੇ ਇਸ ਤਰਾਂ ਦੇ ਸਿਲਸਿਲੇ ਹੁੰਦੇ

ਕਿਸ ਤਰਾਂ ਬੰਦਾ ਕੋਈ ਖੁਸ਼ ਰਹਿ ਸਕੇ ' ਮਹਿਰਮ ',
ਸਾਥ ਉਸਦੇ ਜਦ ਗ਼ਮਾਂ ਦੇ ਕਾਫਲੇ ਹੁੰਦੇ
--------------------------------------------

ਕਰਦਾ ਰਿਹਾ ਮਹਿਬੂਬ ਵਲ ਛਲ ..

ਕਰਦਾ ਰਿਹਾ ਮਹਿਬੂਬ , ਵਲ ਛਲ ਹਰ ਸਮੇਂ ਕਰਦਾ ਰਿਹਾ
ਜਰਦਾ ਰਿਹਾ ਦਿਲ ਸਭ , ਸਮਝ ਉਸਦੀ ਰਜਾ ਜਰਦਾ ਰਿਹਾ

ਮਰਦਾ , ਤਾਂ ਮੈਂ ਮਰਦਾ , ਉਦੇ ਈਮਾਨ ਤੇ ਇਖਲਾਕ ਤੇ,
ਦੀਵਾਨਗੀ ਸੀ ਜੋ ਉਦੇ , ਮੈਂ ਰੂਪ ਤੇ ਮਰਦਾ ਰਿਹਾ

ਡਰਿਆ ਨਹੀਂ ਸੀ ਜੋ ਕਿਸੇ ਤੋਂ, ਜ਼ੁਲਮ ਕਰਦਾ ਰਾਤ ਦਿਨ,
ਸ਼ੀਸ਼ੇ ਚ ਖੁਦ ਨੂੰ ਦੇਖ , ਅਪਨੇ ਆਪ ਤੋਂ ਡਰਦਾ ਰਿਹਾ

ਹਰਦਾ ਜਦੋਂ ਇਨਸਾਨ , ਦਿੰਦੀ ਹਾਰ ਵੀ ਹਿੰਮਤ ਬੜੀ ,
ਟੁੱਟਾ ਜਦੋਂ ਵਿਸ਼ਵਾਸ਼ , ਬੰਦਾ ਜਿੱਤ ਕੇ ਹਰਦਾ ਰਿਹਾ

ਕਰ ਤੂੰ ਭਲਾ ਮਜ਼ਲੂਮ ਦਾ , ਦੇਵੇ ਦੁਆ ਜੋ ਤਹਿ ਦਿਲੋਂ ,
ਮਿੱਟੀ ਬਣੂ ਅਹਿਸਾਨ , ਜੇ ਖੁਦਗਰਜ਼ ਤੇ ਕਰਦਾ ਰਿਹਾ

ਠਰਦਾ ਨਹੀਂ ਸੀਨਾ ਮੇਰਾ , ਬਿਰਹਾ ਜਲਾਵੇ ਓਸ ਦਾ ,
ਮਿਲਦੀ ਰਹੀ ਉਸ ਦੀ ਖਬਰ , ਹਿਰਦਾ ਮੇਰਾ ਠਰਦਾ ਰਿਹਾ

ਭਰਿਆ ਨਹੀਂ ਦਿਲ ਦਾ , ਕਦੇ ਵੀ ਜ਼ਖਮ , ਪਰ ਰਿਸਿਆ ਉਦੋਂ ,
ਕਰ ਕੇ ਕਿਸੇ ਨੂੰ ਯਾਦ ਮੇਂ , ਹੌਕਾ ਜਦੋਂ ਭਰਦਾ ਰਿਹਾ

ਤਰਨਾ ਬੜਾ ਔਖਾ , ਜਦੋਂ ਬੇੜੀ ਫਸੇ ਮੰਝਧਾਰ ਵਿੱਚ ,
ਜੋ ਹੌਸਲਾ ਕਰਦਾ ਰਿਹਾ , ਦਰਿਆ ਉਹੀ ਤਰਦਾ ਰਿਹਾ

ਡਰ ਸੀ ਉਦਾ ਜਾਂ ਵਹਿਮ ਸੀ , ਲੱਗਿਆ ਪਤਾ ਨਹੀਂ ਯਾਰ ਦਾ ,
ਇਜ਼ਹਾਰ ਵੀ ਕਰਦਾ ਰਿਹਾ , ਇਕਰਾਰ ਤੋਂ ਡਰਦਾ ਰਿਹਾ

ਸਰਦਾ ਇਵੇਂ ਹੈ ' ਮਹਿਰਮਾ ' , ਸਭ ਦਾ ਕਿਸੇ ਦਿਲਦਾਰ ਬਿਨ ,
ਮੇਰਾ ਜਿਵੇਂ ਸਰਦਾ ਰਿਹਾ , ਤੇਰਾ ਜਿਵੇਂ ਸਰਦਾ ਰਿਹਾ
---------------------------------------------------

ਦਿਲ ਤੋੜ ਕੇ ਤੁਰ ਪੈਂਦਾ ................


ਦਿਲ ਤੋੜ ਕੇ ਤੁਰ ਪੈਂਦਾ, ਦਿਲਦਾਰ ਜਦੋਂ ਮਰਜੀ

ਫਿਰ ਯਾਦ ਕਰੇ ਉਸਦੀ, ਬੇਜ਼ਾਰ ਜਦੋਂ ਮਰਜੀ

ਇਜ਼ਹਾਰ ਕਰੇ ਡਟ ਕੇ, ਇਕਰਾਰ ਨਹੀਂ ਕਰਦਾ,

ਉਲਫ਼ਤ ਚ ਸੁਣੋ ਉਸ ਤੋਂ, ਇਨਕਾਰ ਜਦੋਂ ਮਰਜੀ

ਵਿਸ਼ਵਾਸ਼ ਕਿਵੇਂ ਹੋਵੇ , ਕੱਲ ਫੇਰ ਮਿਲੂ ਆ ਕੇ,

ਮਹਿਬੂਬ ਜਿਵੇਂ ਕਰਦੈ, ਤਕਰਾਰ ਜਦੋਂ ਮਰਜੀ

ਖ਼ਾਮੋਸ਼ ਮੁਹੱਬਤ ਵੀ, ਤਾਂ ਯਾਰ ਸਜ਼ਾ ਹੀ ਹੈ,

ਤੂੰ ਸ਼ੋਖ ਅਦਾਵਾਂ ਦਾ , ਕਰ ਵਾਰ ਜਦੋਂ ਮਰਜੀ

ਹੈ ਸ਼ੌਕ ਅਮੀਰਾਂ ਦਾ, ਜਾਂ ਮਾਣ ਅਮੀਰੀ ਦਾ,

ਕਿਉਂ ਦੇਣ ਗਰੀਬਾਂ ਨੂੰ, ਫਿਟਕਾਰ ਜਦੋਂ ਮਰਜੀ

ਦਿਨ ਰਾਤ ਚੁਰਾ ਦੌਲਤ, ਘਰ ਬਾਰ ਭਰੇ ਨੇਤਾ,

ਚੱਲੇ ਜਾਂ ਭਲਾ ਡਿੱਗੇ, ਸਰਕਾਰ ਜਦੋਂ ਮਰਜੀ

ਨਹੀਂ ਆਪ ਅਮਲ ਕਰਦਾ, ਉਹ ਸਖਸ਼ ਅਸੂਲਾਂ ਤੇ,

ਮਹਿਫਿਲ ਚ ਸੁਣੋ ਉਸ ਤੋਂ, ਪਰਚਾਰ ਜਦੋਂ ਮਰਜੀ

ਜੋ ਸੀਸ ਤਲੀ ਧਰਦੇ , ਉਹ ਦੇਣ ਇਹੀ ਹੋਕਾ,

ਕਾਤਿਲ ਨੂੰ ਕਹੋ ਪਰਖੇ, ਤਲਵਾਰ ਜਦੋਂ ਮਰਜੀ

ਨਿਰਦੋਸ਼ ਲਹੂ ਡੁੱਲੇ, ਮਜ਼ਲੂਮ ਰਹੇ ਮਰਦਾ,

ਮਗ਼ਰੂਰ ਉਠਾ ਲੈਂਦੈ, ਹਥਿਆਰ ਜਦੋਂ ਮਰਜੀ

ਇਹ ਨੈਣ ਅਸਾਡੇ ਵੀ, ਤੱਕ ਲੈਣ ਨਜ਼ਰ ਭਰ ਕੇ,

ਤੂੰ ਝਲਕ ਦਿਖਾ ਜਾਵੀਂ, ਇੱਕ ਵਾਰ ਜਦੋਂ ਮਰਜੀ

ਤਸਵੀਰ ਵਸਾ ਦਿਲ ਵਿੱਚ, ਮਹਿਬੂਬ ਦੀ ਇੰਜ ' ਮਹਿਰਮ ',

ਤੁੰ ਸੀਸ ਝੁਕਾ ਤੇ ਕਰ , ਦੀਦਾਰ ਜਦੋਂ ਮਰਜੀ

' ਮਹਿਰਮ ', ਜੀ, ਜ਼ਮਾਨੇ ਵਿੱਚ , ਇਤਬਾਰ ਰਹੂ ਕਿਸ ਤੇ,

ਇਨਸਾਨ ਜਿਵੇਂ ਬਦਲੇ , ਕਿਰਦਾਰ ਜਦੋਂ ਮਰਜੀ

------------------------------------------------

ਜ਼ਮਾਨੇ ਵਿੱਚ ......

ਜ਼ਮਾਨੇ ਵਿੱਚ ਜਿਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ
ਬੜਾ ਕੁਝ ਦੇਖਣਾ ਪੈਂਦਾ , ਬੜਾ ਕੁਝ ਸੋਚਣਾ ਪੈਂਦੈ

ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ
ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ

ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ ,
ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ

ਸਿਆਣੇ ਲੋਕ ਵੈਸੇ ਤਾਂ ਮਿਸਾਲਾਂ ਨਾਲ ਸਮਝਾਉਂਦੇ,
ਕਿਸੇ ਮੌਕੇ ਇਸ਼ਾਰੇ ਚੋਂ ਰਮਜ਼ ਨੂੰ ਸਮਝਣਾ ਪੈਂਦੈ

ਮੁਹੱਬਤ ਇਹ ਨਹੀਂ , ਔਲਾਦ ਨੂੰ ਸਿਰ ਚਾੜ ਕੇ ਰੱਖੋ,
ਕੁਰਾਹੇ ਪੈ ਰਿਹਾ ਬੱਚਾ, ਕਦੇ ਤਾਂ ਝਿੜਕਣਾ ਪੈਂਦੈ

ਖਰੇ ਵਾਪਿਸ ਹੀ ਆ ਜਾਵੇ ਉਦੀ ਹਾਰੀ ਹੋਈ ਦੌਲਤ,
ਜੁਆਰੀ ਨੂੰ ਇਸੇ ਹੀ ਆਸ ਤੇ ਫਿਰ ਖੇਡਣਾ ਪੈਂਦੈ

ਅਜੇ ਤੱਕ ਲੋਕ ਸਮਝੇ ਨਾ , ਕੀ ਹੁੰਦੀ ਵੋਟ ਦੀ ਤਾਕਤ,
ਇਸੇ ਕਰਕੇ ਕੁਤਾਹੀ ਦਾ , ਨਤੀਜਾ ਭੁਗਤਣਾ ਪੈਂਦੈ

ਨਹੀਂ ਹੁੰਦਾ ਭਲਾ ਏਦਾਂ ' ਭਲਾ ' ਆਖੋ ਜੇ ਹਰ ਵੇਲੇ,
ਭਲੇ ਦੇ ਵਾਸਤੇ ਯਾਰੋ, ' ਬੁਰਾ ' ਵੀ ਬੋਲਣਾ ਪੈਂਦੈ

ਬੜਾ ਇਨਸਾਫ ਕਰਦੇ ਨੇ , ਉਹ ਕਾਤਿਲ ਤੱਕ ਬਰੀ ਕਰਕੇ ,
ਤਦੇ ਨਿਰਦੋਸ਼ ਲੋਕਾਂ ਨੂੰ , ਸਜ਼ਾ ਨੂੰ ਭੁਗਤਣਾ ਪੈਂਦੈ

ਨਹੀਂ ਬਣਦਾ ਕਦੇ ਮੰਜ਼ਿਲ , ਚੁਰਸਤੇ ਦਾ ਹਰਿਕ ਰਸਤਾ ,
ਕਿਸੇ ਤੋਂ ਪਰਤਣਾ ਪੈਂਦੈ , ਕਿਸੇ ਤੇ ਭਟਕਣਾ ਪੈਂਦੈ

ਅਗਰ ਅਣਜਾਣ ਏਂ ਤਾਂ ਜਾਚ ਇਹ ਸਿੱਖ ਲੈ ਪਰਿੰਦੇ ਤੋਂ,
ਉਡਾਰੀ ਭਰਨ ਤੋਂ ਪਹਿਲਾਂ , ਪਰਾਂ ਨੂੰ ਤੋਲਣਾ ਪੈਂਦੈ

ਨਾ ਛਾਲਾਂ ਮਾਰ ਤੂੰ ' ਮਹਿਰਮ ' , ਤਸੱਲੀ ਨਾਲ ਚੜ ਪੌੜੀ,
ਕਦਮ ਉੱਖੜੇ ਤਾਂ ਹੇਠਾਂ ਨੂੰ , ਸਿਖਰ ਤੋਂ ਡਿੱਗਣਾ ਪੈਂਦੈ
--------------------------------------------------------

ਬੁਰਾ ਕੀ ਹੋ ਰਿਹਾ ਹੈ ?.......

ਸੋਚ ਨਾ ਅੱਜ ਕਲ ਜ਼ਮਾਨੇ ਵਿੱਚ ਬੁਰਾ ਕੀ ਹੋ ਰਿਹਾ ਹੈ ?
ਦੇਖਣਾ ਤਾਂ ਦੇਖ , ਤੇਰੇ ਤੋਂ ਭਲਾ ਕੀ ਹੋ ਰਿਹਾ ਹੈ ?

ਸਭ ਦਿਲਾਂ ਤੇ ਜਖ਼ਮ ਲੱਭਣੇ , ਜਾ ਇਨਾਂ ਨੂੰ ਛੇੜ ਬੈਠੇ ,
ਰਹਿਣ ਦੇ, ਮਤ ਦੇਖ , ਪਰਦਾ ਨਾ ਹਟਾ, ਕੀ ਹੋ ਰਿਹਾ ਹੈ ?

ਆਖਦੇ ਸੀ ਚੋਰ ਦੇ ਘਰ ਵਿੱਚ ਕਦੇ ਨਹੀਂ ਦੀਪ ਜਗਦਾ ,
ਜਗਮਗਾਂਦਾ ਦੇਖ ਸਾਰਾ ਘਰ ਉਦਾ , ਕੀ ਹੋ ਰਿਹਾ ਹੈ ?

ਪਾ ਰਹੇ ਨੇ ਸਾਫ਼ ਬਸਤਰ , ਪਰ ਦਿਲਾਂ ਵਿੱਚ ਮੈਲ ਰੱਖਣ ,
ਤੁੰ ਉਨਾਂ ਦਾ ਯਾਰ ਏਂ , ਤੈਨੂੰ ਪਤਾ ਕੀ ਹੋ ਰਿਹਾ ਹੈ ?

ਵੋਟ ਦੇ ਕੇ ਲੋਕ ਸੋਚਣ , ਹੁਣ ਅਸਾਡਾ ਰਾਜ ਆਊ,
ਲੀਡਰਾਂ ਦੀ ਸੋਚ ਹੈ , ਸਾਨੂੰ ਨਫ਼ਾ ਕੀ ਹੋ ਰਿਹਾ ਹੈ ?

ਡਾਢਿਆਂ ਦੇ ਜ਼ੋਰ ਅੱਗੇ ਕਦ ਕਿਸੇ ਦੀ ਪੇਸ਼ ਚੱਲੂ ,
ਪਾ ਰਹੇ ਨਿਰਦੋਸ਼ ਹਾਲੇ ਤਾਂ ਸਜ਼ਾ, ਕੀ ਹੋ ਰਿਹਾ ਹੈ ?

ਲੱਤਾਂ ਇਸ ਦੀਆਂ ਕਬਰ ਵਿੱਚ ਨੇ , ਖਾ ਸਕੇ ਨਾ ਲੂਣ , ਮਿੱਠਾ,
ਲੋਭ ਫਿਰ ਵੀ ਦੌਲਤਾਂ ਦਾ , ਐ ਖ਼ੁਦਾ ਕੀ ਹੋ ਰਿਹਾ ਹੈ ?

ਦੇ ਰਿਹਾ ਕੀ ਲੋਕਤੰਤਰ , ਦੇ ਰਹੀ ਕੀ ਵੋਟ ਪਰਚੀ ,
ਲੋਕ ਕੁਝ ਵੀ ਸਮਝਦੇ ਨਹੀਂ , ਤੂੰ ਸੁਣਾ ਕੀ ਹੋ ਰਿਹਾ ਹੈ ?

" ਮਹਿਰਮਾ ' ਇਸ ਦੌਰ ਵਿੱਚ ਕੁਝ ਬਦਲ ਜਾਊ ਆਸ ਨਾ ਕਰ,
ਹੋ ਰਿਹਾ ਇਹ ਅਜ਼ਲ ਤੋਂ ਹੀ , ਹੁਣ ਜੁਦਾ ਕੀ ਹੋ ਰਿਹਾ ਹੈ ?
---------------------------------------------------

ਕੀ ਹੈ ਉਨਾਂ ਦਾ ਹਾਲ ............

ਕੀ ਹੈ ਉਨਾਂ ਦਾ ਹਾਲ ਜਦ ਤੱਕ ਇਹ ਪਤਾ ਮਿਲਦਾ ਨਹੀਂ
ਮੈਂ ਵੀ ਰਹਾਂ ਬੇਚੈਨ ਦਿਲ ਨੂੰ ਵੀ ਟਿਕਾ ਮਿਲਦਾ ਨਹੀਂ

ਤੁੰ ਤੁਰ ਪਿਆਂ ਅਣਜਾਣ ਮੰਜ਼ਿਲ ਵੱਲ ਦਿਲਾ ਕੀ ਸੋਚ ਕੇ ,
ਜਿਸਦਾ ਸਫ਼ਰ ਐਸਾ ਕਿ ਜਿਸਦਾ ਥਹੁ ਪਤਾ ਮਿਲਦਾ ਨਹੀਂ

ਤੈਨੂੰ ਬੜਾ ਹੈ ਮਾਣ ਦਰਿਆ ਕਰ ਲਵੇਂਗਾ ਪਾਰ ਤੂੰ ,
ਰੁਕ ਜਾ , ਅਜੇ ਨਾ ਜਾਹ , ਜਦੋਂ ਤੱਕ ਨਾਖ਼ੁਦਾ ਮਿਲਦਾ ਨਹੀਂ

ਉਹ ਕਰ ਗਿਆ ਇਜ਼ਹਾਰ ਅਪਨੀ ਬੇਬਸੀ ਦਾ ਇਸ ਤਰਾਂ ,
ਮੈਂ ਕਰ ਲਵਾਂ ਮਨਜ਼ੂਰ ਏਨਾ ਹੌਸਲਾ ਮਿਲਦਾ ਨਹੀਂ

ਬਸ ਇੱਕ ਉਦੀ ਤਸਵੀਰ ਅੱਖਾਂ ਸਾਹਮਣੇ ਫਿਰਦੀ ਰਹੇ ,
ਦਿਲ ਤੜਫਦਾ ਉਸ ਲਈ ਜਿਦਾ ਮੂੰਹ ਦੇਖਣਾ ਮਿਲਦਾ ਨਹੀਂ

ਉਸਦਾ ਕਰਮ ਜਦ ਹੋ ਗਿਆ ਤਾਂ ਮਿਲ ਗਿਆ ਸਾਰਾ ਜਹਾਂ,
ਜਦ ਉਹ ਖਫ਼ਾ ਹੋਵੇ ਕਿਤੇ ਵੀ ਆਸਰਾ ਮਿਲਦਾ ਨਹੀਂ

ਤੈਨੂੰ ਕਰਾਂ ਮੈਂ ਯਾਦ ਹਰ ਥਾਂ , ਘਰ ਤੇਰੇ ਕੀ ਆਵਣਾ ,
ਉਸ ਘਰ ਮਿਲੇ ਪਰਚਾਰ ਹੀ , ਤੂੰ ਮਾਲਕਾ ਮਿਲਦਾ ਨਹੀਂ

ਚੱਲਦਾ ਨਹੀਂ ਇਸ ਖੇਲ ਵਿੱਚ ਕੋਈ ਜ਼ੋਰ ਤਰਲਾ " ਮਹਿਰਮਾ ',
ਬਿਨ ਕਿਸਮਤਾਂ ਦੇ ਮੀਤ ਦਿਲ ਦਾ ਪਾਗਲਾ ਮਿਲਦਾ ਨਹੀਂ
------------------------------------------------

ਯਾਰਾ ਮਸਜਿਦ ਮੰਦਰ ਦੇਖ

ਯਾਰਾ ਮਸਜਿਦ ਮੰਦਰ ਦੇਖ
ਰੱਬ ਖ਼ੁਦਾ ਕਿਸ ਅੰਦਰ ਦੇਖ

ਸਭ ਕੁਝ ਕਾਜ਼ੀ ਪੰਡਤ ਹੱਥ,
ਕੈਦ 'ਚ ਪੀਰ ਪਗੰਬਰ ਦੇਖ

ਬੋਲ ਰਿਹਾ ਜੋ ਸੁੱਚੇ ਬੋਲ,
ਮੈਲ ਪੁਜਾਰੀ ਅੰਦਰ ਦੇਖ

ਮਿਹਨਤਕਸ਼ ਨੇ ਭੁੱਖੇ ਪੇਟ ,
ਵਿਹਲੜ ਛਕਦਾ ਲੰਗਰ ਦੇਖ

ਪੈਸੇ ਵਾਲੇ ਦਾ ਹੈ ਨਾਮ ,
ਲੱਗਾ ਜੋ ਸੰਗਮਰਮਰ ਦੇਖ

ਲਹਿਰਾਂ ਦਾ ਕੀ ਹੁੰਦਾ ਸ਼ੋਰ,
ਦਰਿਆ ਦੇਖ ਸਮੰਦਰ ਦੇਖ

ਬਣਕੇ ਹਿੰਦੂ ਮੁਸਲਿਮ ਸਿੱਖ,
ਰਚਦੇ ਲੋਕ ਅਡੰਬਰ ਦੇਖ

ਨੀਵਾਂ ਰਹਿ ਪਰ ਉੱਚਾ ਸੋਚ,
ਉੜਦੇ ਪੰਛੀ ਅੰਬਰ ਦੇਖ

ਦੇਵੇ ਤੈਨੂੰ ਜੀਵਨ ਜਾਚ ,
' ਮਹਿਰਮ ' ਐਸਾ ਰਹਿਬਰ ਦੇਖ

ਪਿਆਰ ਬਦਲੇ ਪਿਆਰ ਹੋਵੇ...

ਹਰ ਕਿਸੇ ਦਾ ਯਾਰ ਹੋਵੇ , ਲਾਜ਼ਮੀ ਨਈਂ
ਪਿਆਰ ਬਦਲੇ ਪਿਆਰ ਹੋਵੇ , ਲਾਜ਼ਮੀ ਨਈਂ

ਜ਼ਿੰਦਗੀ ਵਿੱਚ ਘੋਲ ਹੈ ਹਰ ਮੋੜ ਉੱਤੇ ,
ਹਰ ਜਗਾ ਤੇ ਹਾਰ ਹੋਵੇ , ਲਾਜ਼ਮੀ ਨਈਂ

ਯਾਰ ਨੂੰ ਤੂੰ ਜਿਸ ਗਲੀ ਵਿੱਚ ਭਾਲਦਾ ਏਂ ,
ਉਸ ਗਲੀ ਵਿੱਚ ਯਾਰ ਹੋਵੇ , ਲਾਜ਼ਮੀ ਨਈਂ

ਜੋ ਕਰੇ ਉਪਕਾਰ , ਉਸਦਾ ਹਰ ਕਿਸੇ ਤੋਂ ,
ਹਰ ਜਗਾ ਸਤਿਕਾਰ ਹੋਵੇ , ਲਾਜ਼ਮੀ ਨਈਂ

ਵੋਟ ਮੰਗਣ ਦਰ ਤੇਰੇ ਤੇ ਪਹੁੰਚਿਆ ਜੋ ,
ਉਹ ਸਹੀ ਹੱਕਦਾਰ ਹੋਵੇ , ਲਾਜ਼ਮੀ ਨਈਂ

ਬਾਗ ਅੰਦਰ ਲਾਜ਼ਮੀ ਹੈ ਫੁੱਲ ਦਾ ਖਿੜਨਾ ,
ਬਾਗ ਅੰਦਰ ਖ਼ਾਰ ਹੋਵੇ , ਲਾਜ਼ਮੀ ਨਈਂ

ਜੋ ਕਹੇ ਉਸਦੀ ਕਲਾ , ਫ਼ਨਕਾਰ ਦਾ ਵੀ ,
ਵੈਸਾ ਹੀ ਕਿਰਦਾਰ ਹੋਵੇ , ਲਾਜ਼ਮੀ ਨਈਂ

ਕਹਿ ਲਵੋ ਸਾਰੇ ਜਹਾਂ ਨੂੰ ਆਪਣਾ , ਪਰ ,
ਰਹਿਣ ਲਈ ਘਰ ਬਾਰ ਹੋਵੇ , ਲਾਜ਼ਮੀ ਨਈਂ

ਲਾਜ਼ਮੀ ਨਈਂ ਹਰ ਸਮੇਂ ਇਕਰਾਰ ' ਮਹਿਰਮ ',
ਹਰ ਸਮੇਂ ਇਨਕਾਰ ਹੋਵੇ , ਲਾਜ਼ਮੀ ਨਈਂ
------------------------------------------

ਭੁਲਾਇਆਂ ਵੀ ਨਹੀਂ ਭੁੱਲਦੀ ......

ਉਨਾਂ ਦਾ ਕੀ ਕਰਾਂ ਯਾਰੋ , ਸਤਾਉਂਦੇ ਨੇ ਜੋ ਆ ਕੇ ਯਾਦ
ਭੁਲਾਇਆਂ ਵੀ ਨਹੀਂ ਭੁੱਲਦੀ , ਬੜੀ ਦੇਖੀ ਭੁਲਾ ਕੇ ਯਾਦ

ਮਿਲੇ ਆਪਾਂ ਜਦੋਂ , ਜਿੱਥੇ , ਉਨਾਂ ਰਾਹਾਂ ਤੇ ਆ ਕੇ ਵੇਖ ,
ਭੁਲੇਖਾ ਪੈ ਰਿਹਾ ਕੋਈ ਕਰੇ ਹੁਣ ਵੀ ਬੁਲਾ ਕੇ ਯਾਦ

ਮੇਰੇ ਮਿੱਤਰ ਬੜਾ ਪੁੱਛਦੇ , ਤੇਰੇ ਬਾਰੇ ਬਹਾਨੇ ਨਾਲ ,
ਉਨਾਂ ਨੂੰ ਕੀ ਭਲਾ ਮਿਲਦਾ , ਪੁਰਾਣੇ ਦਿਨ ਕਰਾ ਕੇ ਯਾਦ

ਹਨੇਰੇ ਵਿੱਚ ਇਕੱਲਾ ਬਹਿ , ਕਰੇ ਗੱਲਾਂ ਜੋ ਕੰਧਾਂ ਨਾਲ ,
ਕਿਸੇ ਨੂੰ ਕੀ ਪਤਾ ਕਿਸ ਨੂੰ , ਕਰੇ ਉਹ ਮੂੰਹ ਛੁਪਾ ਕੇ ਯਾਦ

ਮੁਹੱਬਤ ਦਾ ਤਕਾਜ਼ਾ ਹੈ , ਜਾਂ ਕਰਦੇ ਨੇ ਦਿਖਾਵਾ ਲੋਕ ,
ਦੀਵਾਰਾਂ ਤੇ ਲਗਾ ਲੈਂਦੇ , ਉਹ ਸ਼ੀਸ਼ੇ ਵਿੱਚ ਸਜਾ ਕੇ ਯਾਦ

ਹੁਣੇ ਤੂੰ ਨਾਂ ਲਿਆ ਜਿਸਦਾ , ਖੜਾ ਹੈ ਉਹ ਦਰਾਂ ਤੇ ਆਣ,
ਇਵੇਂ ਲੱਗਦੈ ਜਿਵੇਂ ਉਸਨੂੰ , ਤੂੰ ਕਰਦੈਂ ਦਿਲ ਲਗਾ ਕੇ ਯਾਦ

ਪੁਰਾਣੇ ਖ਼ਤ ਕਿਤਾਬਾਂ ਚੋਂ , ਜੇ ਮਿਲਦੇ ਨੇ ਤਾਂ ਰੱਖੀ ਸਾਂਭ ,
ਨਹੀਂ ਦਿਲ ਚੋਂ ਮਿਟਾ ਹੁੰਦੀ , ਕਿਸੇ ਦੇ ਖ਼ਤ ਜਲਾ ਕੇ ਯਾਦ

ਗਿਲੇ ਸ਼ਿਕਵੇ ਮਿਟਣ ਸਾਰੇ , ਬਚੇ ਬਾਕੀ ਰਤਾ ਨਾ ਮੈਲ ,
ਕਿਸੇ ਨੂੰ ਵੀ ਕਰੇ ਬੰਦਾ , ਜਦੋਂ ਹੰਝੂ ਵਹਾ ਕੇ ਯਾਦ

ਕਦੇ ਬਣਦੀ ਨਹੀਂ ਦੇਖੀ , ਜ਼ਮਾਨੇ ਦੀ ਮੁਹੱਬਤ ਨਾਲ ,
ਉਹ ' ਮਹਿਰਮ ' ਨੂੰ ਕਰੇ ਤਾਹੀਂ , ਜ਼ਮਾਨੇ ਤੋਂ ਛੁਪਾ ਕੇ ਯਾਦ
------------------------------------------------------

ਐਵੇਂ ਨਾ ਦੁੱਖ ਜਰਦੇ ਲੋਕ

ਐਵੇਂ ਨਾ ਦੁੱਖ ਜਰਦੇ ਲੋਕ
ਅਪਨੀ ਕੀਤੀ ਭਰਦੇ ਲੋਕ

ਮਾੜੇ ਨੂੰ ਇਹ ਮਾਰਨ ਹੋਰ ,
ਡਾਢੇ ਤੋਂ ਹੀ ਡਰਦੇ ਲੋਕ

ਔਖਾ ਫੜਨਾ ਮਨ ਦਾ ਚੋਰ ,
ਕੁਝ ਕਹਿੰਦੇ ਕੁਝ ਕਰਦੇ ਲੋਕ

ਗੈਰਾਂ ਤੇ ਕੀ ਕਰਨਾ ਰੋਸ ,
ਦਿੱਦੇ ਧੋਖਾ ਘਰ ਦੇ ਲੋਕ

ਰਿਸ਼ਤੇ ਨਾਤੇ ਕਿਸ ਨੂੰ ਯਾਦ ,
ਦੌਲਤ ਉੱਪਰ ਮਰਦੇ ਲੋਕ

ਦਿੰਦੇ ਨੂੰ ਕਿਸਮਤ ਨੂੰ ਦੋਸ਼ ,
ਖ਼ੁਦ ਹੀ ਬਾਜ਼ੀ ਹਰਦੇ ਲੋਕ

ਸਿਫ਼ਤਾਂ ਸੁਣ ਕੇ ਫੁੱਲਦੇ ਦੇਖ ,
ਸੱਚੀ ਸੁਣ ਕੇ ਠਰਦੇ ਲੋਕ

ਜੀਵਨ ਡੂੰਘਾ ਸਾਗਰ ਯਾਰ ,
ਜਿਸ ਵਿੱਚ ਡੁੱਬਦੇ ਤਰਦੇ ਲੋਕ

ਡੇਰੇ ਜਾ ਬਖਸ਼ਾਉਂਦੇ ਰੋਜ਼ ,
' ਮਹਿਰਮ ' ਭੁੱਲਾਂ ਕਰਦੇ ਲੋਕ
----------------------------

ਹਰ ਸ਼ਹਿਰ ਹਰ ਨਗਰ ਵਿਚ ........

ਹਰ ਸ਼ਹਿਰ ਹਰ ਨਗਰ ਵਿਚ , ਕਿੰਨੇ ਉਦਾਸ ਚਿਹਰੇ

ਮਜ਼ਬੂਰੀਆਂ ਦੇ ਮਾਰੇ , ਫਿਰਦੇ ਨਿਰਾਸ ਚਿਹਰੇ

ਕੀ ਗੈਰ ਦਾ ਭਰੋਸਾ , ਬਣਦੈ ਕਿਸੇ ਦਾ ਕਿਹੜਾ ,

ਹੁੰਦੇ ਉਹ ਦੂਰ ਦਿਲ ਤੋਂ , ਰਹਿੰਦੇ ਜੋ ਪਾਸ ਚਿਹਰੇ

ਪਰਦੇਸ ਜਾਣ ਵਾਲੇ , ਮਨਜ਼ੂਰ ਹੈ ਵਿਛੋੜਾ ,

ਭੁੱਲੀਂ ਨਾ ਤੂੰ ਜੋ ਕਰਦੇ , ਹਿਰਦੇ ਚ ਵਾਸ ਚਿਹਰੇ

ਰੱਖਦੇ ਜੋ ਮੈਲ ਦਿਲ ਵਿਚ, ਕਰਦੇ ਗਰੂਰ ਨੇ ਜੋ ,

ਭੁੱਲ ਕੇ ਵੀ ਉਹ ਕਿਸੇ ਨੂੰ , ਆਉਂਦੇ ਨਾ ਰਾਸ ਚਿਹਰੇ

ਜਦ ਵੀ ਨਕਾਬ ਉੱਤਰੇ , ਜਾਂ ਫਿਰ ਕਰੀਬ ਰਹਿ ਕੇ ,

ਲੱਗਦੈ ਪਤਾ ਕਿ ਕਿੰਨੇ , ਲੋਕਾਂ ਦੇ ਪਾਸ ਚਿਹਰੇ

ਪੈਂਦੀ ਜਦੋਂ ਜ਼ਰੂਰਤ , ਪੱਲਾ ਉਹ ਝਾੜ ਜਾਂਦੇ ,

ਹੁੰਦੇ ਜੋ ਖਾਸ ਮਿੱਤਰ , ਹੁੰਦੇ ਜੋ ਖਾਸ ਚਿਹਰੇ

ਦੰਗੇ ਫਸਾਦ ਕਰ ਕੇ , ਮਿਲਦਾ ਕਿਸੇ ਨੂੰ ਕੀ ਹੈ ,

ਔਵੇਂ ਜਨੂਨ ਵਿਚ ਉਹ , ਕਰਦੇ ਖਲਾਸ ਚਿਹਰੇ

ਸਭ ਨੂੰ ਜੋ ਆਖਦਾ ਹੈ , ' ਮੈਂ ਦਾਸ ਹਾਂ ਤੁਹਾਡਾ ' ,

ਬੈਠੇ ਨੇ ਕੁਰਸੀਆਂ ਤੇ , ਉਸ ਦੇ ਹੀ ਦਾਸ ਚਿਹਰੇ

ਰਿਸ਼ਤੇ ਤਾਂ ਖੂਨ ਦੇ ਨੇ , ਪਰ ਤਾਂਘ ਨਾ ਦਿਲਾਂ ਵਿਚ,

ਇਨਸਾਨ ਕੀ ਘਰਾਂ ਵਿਚ , ਕਰਦੇ ਨਿਵਾਸ ਚਿਹਰੇ

ਆਕਾਸ਼ ਛੂਹ ਰਹੇ ਨੇ , ਪਰਵਾਜ਼ ਭਰ ਗਏ ਜੋ ,

ਕਮਜ਼ੋਰ ਦਿਲ ਦੇ ਮਾਲਿਕ , ਬੈਠੇ ਉਦਾਸ ਚਿਹਰੇ

ਚਿਹਰੇ ਬੁਝਾ ਰਹੇ ਨੇ , ' ਮਹਿਰਮ ' ਪਿਆਸ ਮਨ ਦੀ ,

ਤਾਂ ਹੀ ਜਗਾ ਕੇ ਮਨ ਵਿਚ , ਰੱਖਦੇ ਪਿਆਸ ਚਿਹਰੇ

----------------------------------------------