Sunday, February 22, 2009

ਇਸ਼ਕ ਜਦੋਂ ਵੀ ਹੋ ਜਾਂਦਾ ਹੈ ......

ਇਸ਼ਕ ਜਦੋਂ ਵੀ ਹੋ ਜਾਂਦਾ ਹੈ, ਏਦਾਂ ਹੋਸ਼ ਭੁਲਾ ਦਿੰਦਾ ਹੈ
ਜਿਉਂ ਪਰਵਾਨਾ ਸ਼ਮਾਂ ਤੇ ' ਮਰ ਕੇ ' ਅਪਨਾ ਆਪ ਲੁਟਾ ਦਿੰਦਾ ਹੈ

ਕਸਮਾਂ ਖਾ ਕੇ ਵਾਅਦੇ ਕਰਕੇ ਵੀ ਔਕਾਤ ਦਿਖਾ ਦਿੰਦਾ ਹੈ
ਬੇਕਦਰਾ ਇਨਸਾਨ ਹਮੇਸ਼ਾ ਸਭ ਅਹਿਸਾਨ ਭੁਲਾ ਦਿੰਦਾ ਹੈ

ਦਰਦ ਵਿਛੋੜੇ ਵਾਲਾ, ਜਦ ਵੀ ਉਠਦੈ , ਜਾਨ ਸੁਕਾ ਦਿੰਦਾ ਹੈ
ਲੇਕਿਨ ਤੇਰੇ ਆਉਣ ਦਾ ਲਾਰਾ, ਜੀਣ ਦੀ ਤਾਂਘ ਵਧਾ ਦਿੰਦਾ ਹੈ

ਬੰਦਾ ਅਪਨੀ ਚੁਸਤੀ ਵਿਚ ਹੀ, ਵਸਦੇ ਘਰ ਵੀਰਾਨ ਕਰੇ,
ਪਰ -ਬੱਚਾ ਤਾਂ ਅਣਭੋਲਪੁਣੇ ਵਿਚ , ਰੋਂਦੇ ਲੋਕ ਹਸਾ ਦਿੰਦਾ ਹੈ

ਤਕੜੇ ਦੇ ਹੱਥ ਦੀ ਕਠਪੁਤਲੀ, ਬਣ ਜਾਂਦੈ ਹਰ ਵਾਰੀ ਹਾਕਮ,
ਮਾਤੜ ਬੰਦਾ ਮੁੜ ਮੁੜ ਉਸਦੇ ਸਿਰ ਤੇ ਤਾਜ ਸਜਾ ਦਿੰਦਾ ਹੈ

ਉਸਦੇ ਬਾਰੇ ਚੰਗੀ ਮੰਦੀ ਹੁੰਦੀ ਰਹਿੰਦੀ ਹਰ ਥਾਂ ਚਰਚਾ,
ਲੱਗਦੈ ਬੰਦਾ ਠੀਕ ਨਹੀਂ ਉਹ, ਐਵੇਂ ਕੌਣ ' ਹਵਾ ' ਦਿੰਦਾ ਹੈ

ਖ਼ੁਦ ‍ਨੂੰ ਦਰਦ ਮਿਲੇ ਤਾਂ ਦਰਦ ਪਰਾਇਆ ਵੀ ਫਿਰ ਲਗਦੈ ਅਪਨਾ,
ਦਰਦ ਮਿਲੇ ਤਾਂ ਦਰਦ ਵੰਡਾਉਣਾ ਏਹੀ ਦਰਦ ਸਿਖਾ ਦਿੰਦਾ ਹੈ

ਆਪੇ ਗੁੱਸੇ ਕਰਕੇ ਉਸਨੂੰ , ਆਪੇ ਫੇਰ ਮਨਾਵਾਂ ਜਦ ਮੈਂ ,
ਮੇਰਾ ਤਰਲਾ, ਉਸਦਾ ਨਖ਼ਰਾ, ਸਾਨੂੰ ਬਹੁਤ ਮਜ਼ਾ ਦਿੰਦਾ ਹੈ

ਯਾਰਾਂ ਦੀ ਜੋ ਭੀੜ ਬੜੀ ਹੈ , ਭੀੜ ਬਣੀ ਤੇ ਪਰਖ ਲਵਾਂਗਾ,
ਕਿਹੜਾ ਯਾਰ ਹਿਤੈਸ਼ੀ ਬਣਦੈ , ਕਿਹੜਾ ਯਾਰ ਦਗ਼ਾ ਦਿੰਦਾ ਹੈ

ਪਿਆਰ-ਮੁਹੱਬਤ , ਮੇਲ -ਵਿਛੋੜਾ , ਦਰਦ , ਤਸੀਹੇ , ਰੋਸੇ , ਧੋਖੇ ,
ਜੋ ਵੀ ਦਿਲ ਨੂੰ ਲੱਗ ਜਾਂਦਾ ਹੈ , ਹੱਥ ਵਿਚ ਕਲਮ ਫੜਾ ਦਿੰਦਾ ਹੈ

ਦਿਲ ਦਾ ਰੋਗ ਅਵੱਲਾ ਹੁੰਦੈ , ਦੇਖੀਂ ' ਮਹਿਰਮ ' ਲਾ ਨਾ ਬੈਠੀਂ ,
ਲਗ ਜਾਵੇ ਤਾਂ ਫਿਰ ਨਾ ਕੋਈ ਵੈਦ ਹਕੀਮ ਦਵਾ ਦਿੰਦਾ ਹੈ

No comments:

Post a Comment