Wednesday, March 4, 2009

ਦਿਲ ਅਪਨੀ ਮਰਜ਼ੀ ਦਾ ਮਾਲਿਕ ......

ਬਣਦੀ ਸਦਾ ਜ਼ੁਬਾਨ ਜ਼ਰੀਆ, ਦੁਖ-ਸੁਖ ਪੁੱਛਣ ਦੱਸਣ ਦਾ

ਫੇਰ ਭਲਾ ਕੀ ਕੰਮ ਹੈ ਕੁਝ ਵੀ, ਦਿਲ ਵਿਚ ਦਬ ਕੇ ਰੱਖਣ ਦਾ


ਦਿਲ ਅਪਨੀ ਮਰਜ਼ੀ ਦਾ ਮਾਲਿਕ , ਇਹ ਕਦ ਵਸ ਵਿਚ ਰਹਿੰਦਾ ਹੈ,

ਬੰਦਾ ਜ਼ੋਰ ਬਥੇਰਾ ਲਾਉਂਦੈ , ਇਸ ਨੂੰ ਰੋਕਣ ਟੋਕਣ ਦਾ


ਜਿਸ ਨੂੰ ਮਿਲਨਾ ਚਾਹੁੰਨੈ , ਦਿਲ ਚੋਂ , ਸਾਰੇ ਰੋਸ ਭੁਲਾ ਕੇ ਮਿਲ,

ਸਿੱਧੇ ਮੂੰਹ ਜੇ ਗੱਲ ਨਹੀਂ ਕਰਨੀ , ਕੀ ਫਾਇਦਾ ਗਲ਼ ਲੱਗਣ ਦਾ


ਦਿਲ ਨੇ ਜਿਸ ਤੇ ਆਉਣਾ ਹੋਇਆ , ਆ ਜਾਣਾ ਬਿਨ ਪੁੱਛਿਆਂ ਹੀ,

ਇਸ ਨੇ ਤੈਨੂੰ ਵਕਤ ਕਦੇ ਨਾ , ਦੇਣਾ ਸੋਚਣ ਪਰਖਣ ਦਾ


ਦੁਨੀਆਂ ਚੇਤੇ ਰੱਖਦੀ ਕੇਵਲ, ਚੰਗੇ ਮੰਦੇ ਕਂਮਾਂ ਨੂੰ ,

ਜਿਸ ਨੇ ਆਖਿਰ ਮਿੱਟੀ ਹੋਣੈ , ਨਾ ਕਰ ਮਾਣ ਸੁਹੱਪਣ ਦਾ


ਦਿਲ ਦਾ ਭੇਤ ਜੋ ਦਿੰਦੈ ਸਭ ਨੂੰ , ਅਪਨਾ ਚੈਨ ਗਵਾਉਂਦਾ ਹੈ,

ਹਰ ਪਲ ਹੀ ਡਰ ਬਣਿਆ ਰਹਿੰਦਾ, ਉਸ ਨੂੰ ਪਰਦਾ ਉੱਠਣ ਦਾ


ਮੈਂ ਉਸ ਨੁੰ ਅਪਨਾ ਰੱਬ ਸਮਝਾਂ , ਸਮਝੇ ਹੋਰ ਕਿਸੇ ਨੂੰ ਓਹ,

' ਨੇਰੇ ਵਿੱਚੋਂ ਭਾਲ ਰਹੇ ਹਾਂ , ਦੋਵੇਂ ਟੁਕੜਾ ਚਾਨਣ ਦਾ


ਜਾਣਾ ਜਾਣਾ ਨਾ ਕਰ ਐਵੇਂ , ਬਹਿ ਜਾ ਹਾਲੇ ਹੋਰ ਘੜੀ ,

ਵੈਸੇ ਦਿਲ ਨੇ ਫਿਰ ਵੀ ਮਿੱਤਰਾ , ਨਾ ਨਹੀਂ ਲੈਣਾ ਰੱਜਣ ਦਾ


ਰੁਸਣਾ, ਮੰਨਣਾ, ਮੇਲ, ਵਿਛੋੜਾ, ਚਲਦਾ ਰਹਿਣਾ ਜੀਵਨ ਵਿਚ,

ਗ਼ਮੀਆਂ ਵੇਲੇ ਰੋਣ ਦਾ ਚੱਕਰ , ਖ਼ੁਸ਼ੀਆਂ ਵੇਲੇ ਹੱਸਣ ਦਾ


ਰੱਬ ਹੀ ਜਾਣੇ ਕਿੰਜ ਉਹ ਡੁੱਬਾ, ਆ ਕੇ ਕੋਲ ਕਿਨਾਰੇ ਦੇ,

ਖ਼ੁਦ ਨੂੰ ਜਿਹੜਾ ਸਮਝ ਰਿਹਾ ਸੀ, ਤਾਰੂ ਹਰ ਇਕ ਪੱਤਣ ਦਾ


ਦੇਖੋ ਹੁਣ ਕੀ ਬਣਦੈ ਉਸਦਾ , ਨਾਲ ਉਨਾਂ ਦੇ ਰਲਿਆ ਜੋ,

ਸ਼ੌਕ ਜਿਨਾਂ ਦਾ ਚਾੜ ਕੇ ਕੋਠੇ , ਮਗਰੋਂ ਪੌੜੀ ਚੱਕਣ ਦਾ


ਸਿੱਧੇ ਸਾਦੇ ਲਫ਼ਜ਼ਾਂ ਵਿਚ ਮੈਂ , ਅਪਨੇ ਸ਼ਿਅਰ ਸੁਣਾਉਂਦਾ ਹਾਂ ,

ਤੇਰੇ ਮਨ ਤੇ ਬੋਝ ਪਵੇ ਨਾ , ਅਰਥ ਇਨਾਂ ਦੇ ਸਮਝਣ ਦਾ


ਹੁਣ ਤਕ ਮੈਂ ਤਾਂ ਉਮਰ ਗੁਜ਼ਾਰੀ , ਦਿਲ ਦਾ ਮਹਿਰਮ ਭਾਲਦਿਆਂ,

ਖਵਰੇ ਕਿਸ ਦਿਨ ਮੁਕਣੈ ਚੱਕਰ , ਮੇਰੇ ਭਟਕਣ, ਤੜਪਣ ਦਾ


ਇਸ਼ਕ ਬੜਾ ਤੜਪਾਉਂਦੈ, ਹੋਸ਼ ਭੁਲਾਉਂਦੈ , ਜਾਨ ਸੁਕਾਉਂਦਾ ਹੈ ,

ਫਿਰ ਵੀ ਜਜ਼ਬਾ ਰੱਖਦੈ ' ਮਹਿਰਮ ' , ਏਡਾ ਚੁੱਕਣ ਚੱਕਣ ਦਾ

-----------------------------------------------------

3 comments:

  1. ਬਹੁਤ ਪ੍ਰਭਾਵਸ਼ਾਲੀ ਗਜ਼ਲ

    ReplyDelete
  2. ਸਾਹਿਤਕ ਸਲਾਮ ਵੀਰ ਜੀ,
    ਰਚਨਾ ਤੇ ਧਿਆਨ ਦੇਣ ਲਈ ਤੇ ਇਸ ਨੂੰ ਪਸੰਦ ਕਰਨ ਲਈ
    ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ |ਰਚਨਾਵਾਂ ਨੂੰ ਆਪਣਾ ਪਿਆਰ ਇਸੇ ਤਰਾਂ
    ਦਿੰਦੇ ਰਹਿਣਾ |ਹੱਸਦੇ ਵੱਸਦੇ ਰਹੋ ,
    ਰੱਬ ਤੁਹਾਨੂੰ ਹਮੇਸ਼ਾ ਹੀ ਖੁਸ਼ ਤੇ ਚੜਦੀ ਕਲਾ ਚ ਰੱਖੇ ...

    ReplyDelete
  3. ਪੰਜਾਬੀ ਦੇ ਵਿਚ ਲਿਖਣ ਵਾਲੀਆ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਤੁਹਾਡਾ ਬਲੋਗ , ਪੰਜਾਬੀ ਮੇਰੀ ਆਵਾਜ ਨਾਲ ਜੋੜ ਦਿਤਾ ਗਿਆ ਹੈ ਉਮੀਦ ਹੈ ਕੀ ਤੁਸੀ ਵੀ ਇਸ ਬਲਾਗ ਦਾ ਲਿੰਕ http://punjabirajpura.blogspot.com/ ਨੂੰ ਆਪਣੇ ਬਲਾਗ ਨਾਲ ਜੋੜੋਗੇ ਤੇ ਸਾਡੇ ਬਲਾਗ ਤੇ ਵੀ ਦਰਸ਼ਨ ਦੇਵੋਗੇ
    ਧੰਨਵਾਦ

    ਤੁਹਾਡੇ ਬਲਾਗ ਨੂੰ ਪੜਨ ਵਾਲਾ ਤੇ ਤੁਹਾਡਾ ਦੋਸਤ

    ਵਿਨੋਦ ਕੁਮਾਰ

    ReplyDelete