Friday, March 20, 2009

.... ... ਭੁੱਲ ਜਾਣ ਦੀ ਕੋਸ਼ਿਸ਼ ਕਰੀਂ |

ਅਪਨਾ ਗਿਲਾ, ਉਸਦੀ ਖਤਾ , ਭੁੱਲ ਜਾਣ ਦੀ ਕੋਸ਼ਿਸ਼ ਕਰੀਂ
ਖ਼ੁਦ ਨੂੰ ਦਿਲਾ, ਕੁਝ ਇਸ ਤਰਾਂ, ਸਮਝਾਣ ਦੀ ਕੋਸ਼ਿਸ਼ ਕਰੀਂ

ਉਸਦੀ ਵਫ਼ਾ ਨੂੰ ਹੋਰ ਨਾ, ਅਜ਼ਮਾਣ ਦੀ ਕੋਸ਼ਿਸ਼ ਕਰੀਂ
ਰੋਸੇ ਮਿਟਾ ਕੇ ਯਾਰ ਨੂੰ , ਗਲ਼ ਲਾਣ ਦੀ ਕੋਸ਼ਿਸ਼ ਕਰੀਂ

ਪੱਕਾ ਠਿਕਾਣਾ ਵੀ ਬਣਾ, ਬੇਸ਼ੱਕ ਬਿਗਾਨੇ ਦੇਸ਼ ਵਿੱਚ,
ਫਿਰ ਵੀ ਕਦੇ, ਇਸ ਦੇਸ਼ ਵਿੱਚ, ਮੁੜ ਆਣ ਦੀ ਕੋਸ਼ਿਸ਼ ਕਰੀਂ

ਅਪਨੇ ਗ਼ਮਾਂ ਨੂੰ , ਸੋਗ ਨੂੰ , ਦਿਲ ਵਿੱਚ ਛੁਪਾ ਕੇ ਵੀ ਕਦੇ,
ਸਭ ਦੀ ਖੁਸ਼ੀ ਦੇ ਵਾਸਤੇ , ਮੁਸਕਾਣ ਦੀ ਕੋਸ਼ਿਸ਼ ਕਰੀਂ

ਦੇਖੀਂ ਕਿਤੇ ਨਾ ਦੂਰ ਹੀ, ਰੁੱਸ ਕੇ ਚਲੇ ਜਾਵੀਂ ਘਰੋਂ ,
ਸਭ ਕੁਝ ਭੁਲਾ ਕੇ ਸ਼ਾਮ ਤੱਕ, ਘਰ ਆਣ ਦੀ ਕੋਸ਼ਿਸ਼ ਕਰੀਂ

ਔਵੇਂ ਸਹਾਰੇ ਵਾਸਤੇ , ਤਿਨਕੇ ਰਹੀਂ ਨਾ ਭਾਲਦਾ ,
ਹਿੰਮਤ ਕਰੀਂ, ਪਰਲੇ ਕਿਨਾਰੇ ਜਾਣ ਦੀ ਕੋਸ਼ਿਸ਼ ਕਰੀਂ

ਬੱਚਾ ਜਦੋਂ ਵੀ ਆਪਣਾ , ਭੁੱਲ ਕੇ ਕੁਰਾਹੇ ਜਾ ਪਵੇ,
ਲਾਗੇ ਬਿਠਾ ਕੇ ਓਸਨੂੰ , ਸਮਝਾਣ ਦੀ ਕੋਸ਼ਿਸ਼ ਕਰੀਂ

ਜਿਗਰਾ ਕਰੀਂ, ਮਿਹਨਤ ਕਰੀਂ , ਚੰਗੇ ਦਿਨਾਂ ਦੀ ਆਸ ਵਿੱਚ,
ਮਾੜੇ ਦਿਨਾਂ ਦੀ ਯਾਦ ਨੂੰ , ਭੁੱਲ ਜਾਣ ਦੀ ਕੋਸ਼ਿਸ਼ ਕਰੀਂ

ਲਾਉਂਦਾ ਰਿਹੈ ਤੇ ਲਾਏਗਾ , ਤੈਨੂੰ ਜ਼ਮਾਨਾ ਫੱਟ ਬੜੇ ,
ਪਰ ਤੂੰ ਕਿਸੇ ਦੇ ਜ਼ਖ਼ਮ ਨੂੰ , ਸਹਿਲਾਣ ਦੀ ਕੋਸ਼ਿਸ਼ ਕਰੀਂ

ਬੰਦਾ ਜਦੋਂ ਵੀ ਮਾਰਿਆ , ਹੰਕਾਰ ਨੇ ਹੀ ਮਾਰਿਆ,
ਅਪਨੀ ਖ਼ੁਦੀ ਦੇ ਨਾਲ ਤੂੰ , ਟਕਰਾਣ ਦੀ ਕੋਸ਼ਿਸ਼ ਕਰੀਂ

ਵਾਦਾ ਕਰੀਂ ਨਾ ਤੂੰ ਕਦੇ , ਟੁੱਟੇ ਤਾਂ ਲਗਦਾ ਹੈ ਬੁਰਾ,
ਤੇਰਾ ਜਦੋਂ ਵੀ ਦਿਲ ਕਰੇ , ਬਸ ਆਣ ਦੀ ਕੋਸ਼ਿਸ਼ ਕਰੀਂ

ਵੈਸੇ ਕਿਸੇ ਦੇ ਨਾਲ ਵੀ , ਹੋਵੇ ਬੁਰਾ ਨਾ ' ਮਹਿਰਮਾ ' ,
ਹੋਵੇ ਅਗਰ ਤੈਥੋਂ ਬੁਰਾ , ਪਛਤਾਣ ਦੀ ਕੋਸ਼ਿਸ਼ ਕਰੀਂ
===============================

2 comments:

  1. ਬਹੁਤ ਖੂਬਸੂਰਤ ਤੇ ਕਲਾਤਮਿਕ ਗਜ਼ਲ,ਜਸਵਿੰਦਰ ਜੀ
    ਬਹੁਤ ੨ ਮੁਬਾਰਕ

    ReplyDelete
  2. ਸਾਹਿਤਕ ਸਲਾਮ ਵੀਰ ਜੀ,
    ਰਚਨਾ ਤੇ ਧਿਆਨ ਦੇਣ ਲਈ ਤੇ ਇਸ ਨੂੰ ਪਸੰਦ ਕਰਨ ਲਈ
    ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ |ਰਚਨਾਵਾਂ ਨੂੰ ਆਪਣਾ ਪਿਆਰ ਇਸੇ ਤਰਾਂ
    ਦਿੰਦੇ ਰਹਿਣਾ |ਹੱਸਦੇ ਵੱਸਦੇ ਰਹੋ ,
    ਰੱਬ ਤੁਹਾਨੂੰ ਹਮੇਸ਼ਾ ਹੀ ਖੁਸ਼ ਤੇ ਚੜਦੀ ਕਲਾ ਚ ਰੱਖੇ ...

    ReplyDelete