Monday, April 6, 2009

ਜਦ ਮੀਤ ਪਿਆਰੇ ਦੀ .......

ਗ਼ਜ਼ਲ
ਜਦ ਮੀਤ ਪਿਆਰੇ ਦੀ , ਤਸਵੀਰ ਵਸੇ ਦਿਲ ਵਿਚ
ਫਿਰ ਇਸ਼ਕ ਮੁਹੱਬਤ ਦਾ, ਇਕ ਦੀਪ ਜਗੇ ਦਿਲ ਵਿਚ

ਜੇ ਸਾਥ ਉਦਾ ਚਾਹੁਨੌ , ਵਿਸ਼ਵਾਸ ਬਣਾ ਏਨਾ,
ਉਹ ਤੋੜ ਲਵੇ ਯਾਰੀ , ਨਾ ਸੋਚ ਸਕੇ ਦਿਲ ਵਿਚ

ਇਹ ਵਕਤ ਜਦੋਂ ਬਦਲੇ , ਇਤਫ਼ਾਕ ਬਣੇ ਐਸਾ ,
ਅਣਜਾਣ ਮੁਸਾਫ਼ਿਰ ਵੀ , ਮਹਿਮਾਨ ਬਣੇ ਦਿਲ ਵਿਚ

ਐ ਯਾਰ ਨਸੀਬਾਂ ਬਿਨ , ਇਹ ਰਹਿਣ ਅਧੂਰੇ ਹੀ,
ਇਨਸਾਨ ਸਜਾ ਲੌਂਦੌ , ਅਰਮਾਨ ਬੜੇ ਦਿਲ ਵਿਚ

ਅਣਮੋਲ ਘੜੀ ਓਦੋਂ , ਬੇਕਾਰ ਜਿਹੀ ਜਾਪੇ,
ਜਦ ਗਰਜ਼ ਬਣੇ ਭਾਰੂ , ਜ਼ਜਬਾਤ ਮਰੇ ਦਿਲ ਵਿਚ

ਮਾਯੂਸ ਨਹੀਂ ਹੁੰਦਾ , ਜੇ ਯਾਰ ਨਹੀਂ ਦਿਸਦਾ ,
ਉਹ ਸੀਸ ਝੁਕਾ ਕੇ ਹੀ , ਦੀਦਾਰ ਕਰੇ ਦਿਲ ਵਿਚ

ਬੇਦਰਦ ਜ਼ਮਾਨਾ ਤਾਂ , ਦੀਵਾਰ ਬਣੇ ਅਕਸਰ ,
ਮਿਲ ਪੌਣ ਦਿਲਾਂ ਵਾਲੇ , ਜੇ ਸਿਦਕ ਰਹੇ ਦਿਲ ਵਿਚ

ਹਮਦਰਦ ਤਾਂ ਭੁੱਲ ਕੇ ਵੀ , ਨਾ ਸਿਫ਼ਤ ਕਰੇ ਝੂਠੀ ,
ਉਹ ਨੇਕ ਸਲਾਹ ਦੇ ਕੇ , ਵਿਸ਼ਵਾਸ ਭਰੇ ਦਿਲ ਵਿਚ

ਐ ਯਾਰ ਨਹੀਂ ਕਰਦਾ, ਇਹ ਇਸ਼ਕ ਵਫ਼ਾ ਸਭ ਨੂੰ ,
ਅਕਸਰ ਹੀ ਵਿਛੋੜੇ ਦਾ , ਦਿਲ ਦਰਦ ਜਰੇ ਦਿਲ ਵਿਚ

ਗੁਸਤਾਖ਼ ਬੜਾ ' ਮਹਿਰਮ ' , ਕੁਝ ਮਾਫ਼ ਨਹੀਂ ਕਰਦਾ ,
ਉਹ ਆਖ ਦਏ ਜੋ ਵੀ , ਮਹਿਸੂਸ ਕਰੇ ਦਿਲ ਵਿਚ
----------------------------------------------

No comments:

Post a Comment