Friday, April 24, 2009

ਗ਼ਜ਼ਲ - ... ..... ਸਭ ਗੇੜ ਹੈ ਸਮੇਂ ਦਾ |

ਜਿਗਰਾ ਉਦਾ ਹੈ ਤਕੜਾ , ਯਾਰਾਂ 'ਚ ਜੋ ਖਲੋ ਕੇ

ਹੱਸਦਾ ਹੈ , ਸੀ ਨਾ ਕਰਦਾ, ਸੀਨੇ 'ਚ ਗ਼ਮ ਲੁਕੋ ਕੇ


ਮਹਿਬੂਬ ਨੂੰ ਹਮੇਸ਼ਾ , ਤਰਲਾ ਕਰੇ ਮੁਹੱਬਤ ,

ਜਾਵੀਂ ਨਾ ਦੂਰ ਮੈਥੋਂ , ਏਨਾ ਕਰੀਬ ਹੋ ਕੇ


ਪੈਸੇ ਦੀ ਦੌੜ ਪਿੱਛੇ , ਮਸਰੂਫ਼ ਹੈ ਉਹ ਏਨਾ ,

ਦੱਸੇ ਨਾ ਹਾਲ ਪੁੱਛੇ , ਦੋ ਚਾਰ ਪਲ ਖਲੋ ਕੇ


ਫਿਰਦਾ ਤਲਾਸ਼ ਕਰਦਾ , ਹੁਣ ਫਿਰ ਉਹ ਰਿਸ਼ਤਿਆਂ ਦੀ ,

ਮਾਯੂਸ ਹੈ ਜੋ ਹਰ ਇਕ , ਰਿਸ਼ਤੇ ਦਾ ਬੋਝ ਢੋ ਕੇ


ਜਿਸ ਤੇ ਯਕੀਨ ਕਰਕੇ , ਦੱਸੇ ਮੈਂ ਰਾਜ਼ ਦਿਲ ਦੇ ,

ਪਰਦਾ ਉਠਾ ਰਿਹਾ ਉਹ , ਮਹਿਫ਼ਲ ਦੇ ਵਿਚ ਖਲੋ ਕੇ


ਇਹਸਾਸ ਹੈ ਜਿਨਾਂ ਨੂੰ , ਜ਼ਖ਼ਮਾਂ ਦੀ ਪੀੜ ਦਾ ਕੁਝ ,

ਦਿੰਦੇ ਸਜ਼ਾ ਉਹੀ ਨੇ, ਨਸ਼ਤਰ ਚੁਬੋ ਚੁਬੋ ਕੇ


ਏਡੇ ਜਹਾਨ ਵਿਚ ਤੂੰ , ਫਿਰਦਾ ਏਂ ਕਿਉਂ ਇਕੱਲਾ ,

ਅਪਣਾ ਬਣਾ ਕਿਸੇ ਨੂੰ , ਬਹਿ ਜਾ ਕਿਸੇ ਦਾ ਹੋ ਕੇ


ਦੁਖ , ਦਰਦ , ਜ਼ਖ਼ਮ , ਹਾਸੇ , ਕੀ ਮੇਲ ਕੀ ਵਿਛੋੜਾ ,

ਦਿੰਦੀ ਹੈ ਜ਼ਿੰਦਗਾਨੀ , ਫੁੱਲਾਂ ਤਰਾਂ ਪਰੋ ਕੇ


ਹੱਥ ਪੈਰ ਮਾਰ ਮੈਨੂੰ , ਤਰਨਾ ਤਾਂ ਆ ਗਿਆ ਹੈ ,

ਉਪਕਾਰ ਕਰ ਗਏ ਉਹ , ਕਿਸ਼ਤੀ ਮੇਰੀ ਡੁਬੋ ਕੇ


ਮਨਹੂਸ ਆਖ ਉਸਨੂੰ , ਪਾ ਤੇਲ ਸਾੜ ਦਿੱਤੈ ,

ਦਹਿਲੀਜ਼ ਤੋਂ ਲੰਘਾਇਆ , ਜਿਸ ਨੂੰ ਸੀ ਤੇਲ ਚੋ ਕੇ

ਇਤਰਾਜ਼ ਕਰ ਨਾ ' ਮਹਿਰਮ ' , ਸਭ ਗੇੜ ਹੈ ਸਮੇਂ ਦਾ ,

ਦਿੰਦਾ ਦਗ਼ਾ ਹੈ ਉਹ ਵੀ , ਮਿਲਦਾ ਗਲ਼ੇ ਜੋ ਰੋ ਕੇ

==================================

2 comments:

  1. ਸਾਹਿਤਕ ਸਲਾਮ ਵੀਰ ਜੀ,
    ਰਚਨਾ ਤੇ ਧਿਆਨ ਦੇਣ ਲਈ ਤੇ ਇਸ ਨੂੰ ਪਸੰਦ ਕਰਨ ਲਈ
    ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ |ਰਚਨਾਵਾਂ ਨੂੰ ਆਪਣਾ ਪਿਆਰ ਇਸੇ ਤਰਾਂ
    ਦਿੰਦੇ ਰਹਿਣਾ |ਹੱਸਦੇ ਵੱਸਦੇ ਰਹੋ ,
    ਰੱਬ ਤੁਹਾਨੂੰ ਹਮੇਸ਼ਾ ਹੀ ਖੁਸ਼ ਤੇ ਚੜਦੀ ਕਲਾ ਚ ਰੱਖੇ ...

    ReplyDelete