Tuesday, May 5, 2009

.........ਅੱਖੀਆਂ ----------

ਗ਼ਜ਼ਲ
ਜਦ ਵੀ ਯਾਰ ਮਿਲਾਈਆਂ ਅੱਖੀਆਂ ,
ਹੱਸੀਆਂ ਤੇ ਮੁਸਕਾਈਆਂ ਅੱਖੀਆਂ

ਚਾਹਤ ਚਾਹਤ ਦੇ ਗਲ਼ ਲੱਗੀ ,
ਦਿੰਦੀਆਂ ਫਿਰਨ ਵਧਾਈਆਂ ਅੱਖੀਆਂ

ਅੱਖੀਆਂ ਅੱਖੀਆਂ ਕਰਦੀਆਂ ਗੱਲਾਂ ,
ਅੱਖੀਆਂ ਤੋਂ ਸ਼ਰਮਾਈਆਂ ਅੱਖੀਆਂ

ਦਿਲ ਨੂੰ ਹੱਥੋਂ ਅਸੀਂ ਗੁਆਇਆ ,
ਜਦ ਵੀ ਹਨ ਟਕਰਾਈਆਂ ਅੱਖੀਆਂ

ਉਹਨਾਂ ਨਾਲ ਮਿਲਾਈਆਂ ਜਦ ਵੀ ,
ਉਲਟਾ ਉਨਾਂ ਦਿਖਾਈਆਂ ਅੱਖੀਆਂ

ਕੱਲ ਤੱਕ ਅੱਖੀਆਂ ਮਟਕਾਉਂਦਾ ਸੀ,
ਹੁਣ ਕਿਉਂ ਯਾਰ ਚੁਰਾਈਆਂ ਅੱਖੀਆਂ

ਲੱਗੀ ਸੱਟ ਕਲੇਜੇ ਡਾਹਡੀ ,
ਰੋਈਆਂ ਤੇ ਕੁਰਲਾਈਆਂ ਅੱਖੀਆਂ ]

ਹੁਣ ਤਾਂ ਕੋਈ ਗੱਲ ਨਾ ਅਹੁੜੇ ,
ਤਾਂ ਹੀ ਨੀਵੀਆਂ ਪਾਈਆਂ ਅੱਖੀਆਂ

ਦੱਸ ਕੀ ਦੱਸਾਂ ਦੁਨੀਆਂ ਨੂੰ ਮੈਂ ,
ਰੋ ਰੋ ਕਿਵੇਂ ਸੁਜਾਈਆਂ ਅੱਖੀਆਂ

ਕੌਣ ਇਨਾਂ ਦਾ ਦਰਦ ਵੰਡਾਵੇ ,
ਸੱਜਣਾ ਪਾਉਣ ਦੁਹਾਈਆਂ ਅੱਖੀਆਂ

ਦਿਲ ਨੂੰ ਤਾਂ ਸਮਝਾ ਲੈਨਾਂ , ਪਰ ,
ਜਾਂਦੀਆਂ ਨਾ ਸਮਝਾਈਆਂ ਅੱਖੀਆਂ

ਦਰਦ ਕਹਾਣੀ ਸੁਣ ਕੇ ਮੇਰੀ ,
ਤੇਰੀਆਂ ਕਿਉਂ ਭਰ ਆਈਆਂ ਅੱਖੀਆਂ

ਆ ਕੇ ਆਪ ਵਰਾ ਲਊ, ਹੁਣ ਨਾ,
ਮੈਥੋਂ ਜਾਣ ਵਰਾਈਆਂ ਅੱਖੀਆਂ

ਯਾਰ - ਉਦੇ ਦੀਦਾਰ ਬਿਨਾਂ ਨੇ,
ਪਥਰਾਈਆਂ ਪਥਰਾਈਆਂ ਅੱਖੀਆਂ

ਖ਼ਵਰੇ ਕਿਉਂ ਘੁੰਘਟ ਦੇ ਓਹਲੇ ,
' ਮਹਿਰਮ ' ਉਨਾਂ ਛੁਪਾਈਆਂ ਅੱਖੀਆਂ
========================

3 comments:

  1. khoobs0orat ghazal,jaswinder ji

    ReplyDelete
  2. ਅੱਖੀਆਂ ਅੱਖੀਆਂ ਕਰਦੀਆਂ ਗੱਲਾਂ ,
    ਅੱਖੀਆਂ ਤੋਂ ਸ਼ਰਮਾਈਆਂ ਅੱਖੀਆਂ
    Oh din kade na kise nu bhullan
    jad layian c usne akhian.

    Khoob khoob...

    ReplyDelete