Thursday, May 14, 2009

ਹਰ ਇਕ ਬੰਦਾ ਸੁਪਨਾ ਸਿਰਜੇ

ਗ਼ਜ਼ਲ -----------------
ਹਰ ਇਕ ਬੰਦਾ ਸੁਪਨਾ ਸਿਰਜੇ ਉਸਨੇ ਕਿਵੇਂ ਬਨਾਉਣਾ ਘਰ ਨੂੰ
ਲੇਕਿਨ ਸਭ ਦੀ ਕਿਸਮਤ ਵਿਚ ਤਾਂ ਹੁੰਦਾ ਨਹੀਂ ਵਸਾਉਣਾ ਘਰ ਨੂੰ

ਪੈਸੇ ਵਾਲਾ ਜਦ ਵੀ, ਜਿੱਥੇ ਚਾਹੇ ਮਹਿਲ ਬਣਾ ਸਕਦਾ ਹੈ ,
ਮਾਤੜ ਲਈ ਤਾਂ ਇਕ ਵਾਰੀ ਵੀ ਔਖਾ ਬਹੁਤ ਬਨਾਉਣਾ ਘਰ ਨੂੰ

ਚਹੁੰ ਕੰਧਾਂ 'ਤੇ ਛੱਤ ਪਾ ਦਈਏ , ਤਾਂ ਉਸਨੂੰ ਵੀ ਘਰ ਨਹੀਂ ਕਹਿੰਦੇ,
ਦੋ ਜੀਅ , ਬੱਚੇ ਦੀ ਕਿਲਕਾਰੀ ਰੱਖਦੇ ਸਦਾ ਲੁਭਾਉਣਾ ਘਰ ਨੂੰ

ਬਾਪੂ ਦੇ ਮੰਜੇ ਦੇ ਹਿੱਸੇ , ਖ਼ਵਰੇ ਕਿਸ ਖੂੰਜੇ ਨੇ ਆਉਣਾ ,
ਜੁਦਾ ਰਹਿਣ ਲਈ ਪੁੱਤਰਾਂ ਨੇ ਜਦ ਉਸ ਕੋਲੋਂ ਵੰਡਵਾਉਣਾ ਘਰ ਨੂੰ

ਉਸਨੇ ਤਾਂ ਮਜ਼ਬੂਰੀ ਵਸ ਹੀ , ਚੁਣਿਆ ਹੈ ਬਣਵਾਸ ਭੁਗਤਣਾ ,
ਸੁਪਨੇ ਵਿਚ ਵੀ ਮੁਸ਼ਕਿਲ ਲੱਗਦੈ , ਉਸਦਾ ਕਦੇ ਭੁਲਾਉਣਾ ਘਰ ਨੂੰ

ਕਦੇ ਕਦੇ ਬੇਕਦਰੀ ਸਹਿ ਕੇ , ਵੀ ਮੋਹ ਉਸਦਾ ਛੱਡ ਨਹੀਂ ਹੁੰਦਾ ,
ਚੰਗੇ ਦਿਨਾਂ ਦੀ ਆਸ 'ਚ ਮੁੜ ਮੁੜ ਪੈਂਦਾ , ਵਾਪਿਸ ਆਉਣਾ ਘਰ ਨੂੰ

ਮਰਦ ਕਮਾਈ ਕਰ ਕੇ ਬੇਸ਼ੱਕ ਭਰ ਦੇਵੇ ਘਰ ਸਾਰਾ , ਲੇਕਿਨ ,
ਸੁਘੜ ਸਿਆਣੀ ਔਰਤ ਜਾਣੇ , ਲਿਸ਼ਕਾਉਣਾ ਚਮਕਾਉਣਾ ਘਰ ਨੂੰ

ਇਕ ਦੀ ਲਾਪਰਵਾਹੀ , ਦੂਜੇ ਦੀ ਮਨਮਰਜ਼ੀ ਚੱਲਦੀ ਜਿੱਥੇ ,
ਰੱਬ ਹੀ ਜਾਣੇ ਉਸ ਹਾਲਤ ਵਿਚ , ਟੁੱਟਣੋਂ ਕਿਵੇਂ ਬਚਾਉਣਾ ਘਰ ਨੂੰ

ਇਕ ਦੋ ਵਾਰੀ ਪੱਕਾ ਦਿਨ ਵਿਚ , ' ਛਡਜੂੰ ਛਡਜੂੰ ' ਕਹਿੰਦਾ ਮਾਹੀ ,
ਨਾ ਜਾਣੇ ਕਿਉਂ ਸੌਖਾ ਸਮਝੇ , ਢਾਹ ਕੇ ਫੇਰ ਬਨਾਉਣਾ ਘਰ ਨੂੰ

ਤੁਰ ਪੈਂਦਾ ਉਹ ਕਹਿ ਕੇ ਅੱਜ ਨਹੀਂ ਮੁੜਨਾ , ਲੇਕਿਨ ਆ ਜਾਂਦਾ ਹੈ ,
ਇੰਝ ਹੀ ਚੱਲਦਾ ਰਹਿੰਦਾ ਉਸਦਾ ਘਰ ਤੋਂ ਜਾਣਾ , ਆਉਣਾ ਘਰ ਨੂੰ

ਮੇਰੇ ਸਿਰ 'ਤੇ ਛੱਤ ਜੋ ਦਿਸਦੀ, ਕਰਜ਼ੇ ਹੇਠ ਦਬੀ ਹੈ ਹਾਲੇ ,
ਸਾਲਾਂ ਬੱਧੀ ਕਿਸ਼ਤਾਂ ਦੇ ਦੇ , ਪੈਣਾਂ ਅਜੇ ਛੁਡਾਉਣਾ ਘਰ ਨੂੰ

ਕੁੱਲੀ ਵਿਚ ਸੁਰਗਾਂ ਦੇ ਝੂਟੇ , ਮਿਲ ਜਾਣੇ ਜੇ ਨਾਲ ਰਹੇ ਉਹ ,
ਖ਼ਵਰੇ ਮੇਰੇ ' ਮਹਿਰਮ ' ਨੇ ਹੁਣ , ਕਿਸ ਦਿਨ ਫੇਰਾ ਪਾਉਣਾ ਘਰ ਨੂੰ ======================================

1 comment: