Saturday, May 30, 2009

ਤੁਰੋ ਬਣ ਕਾਫ਼ਿਲਾ .............. .........

ਬੜੀ ਸੀ ਤਾਂਘ ਮਿਲਨੇ ਦੀ , ਸੀ ਮਿਲਿਆਂ ਹੋ ਗਈ ਮੁੱਦਤ
ਉਹਦੇ ਘਰ ਦੇਖ ਕੇ ਜਿੰਦਰਾ , ਨਾ ਪੂਰੀ ਹੋ ਸਕੀ ਹਸਰਤ

ਉਨ੍ਹਾਂ ਦਾ ਵੱਡਿਆਂ ਲੋਕਾਂ ਦੇ ਵਿੱਚ ਹੈ ਉੱਠਣਾ ਬਹਿਣਾ,
ਦੋ ਘੜੀਆਂ ਘਰ 'ਚ ਬੈਠਣ ਦੀ, ਤਦੇ ਨਹੀਂ ਮਿਲ ਰਹੀ ਫ਼ੁਰਸਤ

ਉਹ ਮਿੱਠਾ ਬੋਲ ਵੀ ਬੋਲੇ , ਬੜੀ ਨਰਮੀ ਵੀ ਰੱਖਦਾ ਹੈ ,
ਉਹ ਸਭ ਦੀ ਜੇਬ ਟੋਂਹਦਾ ਏ , ਹੈ ਕੈਸੀ ਓਸਦੀ ਫ਼ਿਤਰਤ

ਜਿਨ੍ਹਾਂ ਨੇ ਘਰ ਉਜਾੜੇ ਨੇ, ਉਨ੍ਹਾਂ ਨੂੰ ਪਾਉਂਦੈ ਉਹ ਜੱਫੀਆਂ ,
ਜਿਨ੍ਹਾਂ ਨੇ ਘਰ ਉਸਾਰੇ ਨੇ , ਉਨ੍ਹਾਂ ਨੂੰ ਕਰਦਾ ਏ ਨਫ਼ਰਤ

ਘਰੋ ਘਰ ਫਿਰ ਲਿਆ ਉਸਨੇ , ਜਦੋਂ ਸੀ ਲੈਣੀਆਂ ਵੋਟਾਂ ,
ਉਹ ਦਰ ਦਰ ਫੇਰਦਾ ਏ ਹੁਣ , ਜੀ ੍ ਇਹ ਹੈ ਵੋਟ ਦੀ ਕੀਮਤ

ਜਿਨ੍ਹਾਂ 'ਤੇ ਕੇਸ ਚੱਲਦੇ ਸੀ, ਗਬਨ ਦੇ ਜਾਂ ਘੁਟਾਲੇ ਦੇ ,
ਦੁਬਾਰਾ ਚੁਣ ਕੇ ਲੋਕਾਂ ਨੇ , ਵਧਾਈ ਉਹਨਾਂ ਦੀ ਸ਼ੁਹਰਤ

ਘਰੇ ਨਾਂ ਲੈ ਲਵੋ ਰੱਬ ਦਾ , ਕੀ ਲੈਣਾ ਮੰਦਰੀਂ ਜਾ ਕੇ ,
ਬਣੇ ਨੇ ਕਤਲਗਾਹ ਡੇਰੇ , ਹੈ ਲੁੱਟੀ ਜਾ ਰਹੀ ਇੱਜਤ

ਅਹਾਤੇ ਵਿੱਚ ਜੋ ਕਲ੍ਹ ਬੈਠਾ ਸੀ ਬੰਦਾ ਘੇਰ ਕੇ 'ਸਾਮੀ ,
ਕਹੇ ਅੱਜ ਮੋਰਚਾ ਲਾਈਏ ਬੜਾ ਹੀ ਕੋੜ੍ਹ ਹੈ ਰਿਸ਼ਵਤ

ਜੋ ਮਹਿਲਾਂ ਵਿੱਚ ਨੇ ਬੈਠੇ , ਨਈਂ ਲਾਉਂਦੇ ਪੈਰ ਧਰਤੀ 'ਤੇ,
ਉਨ੍ਹਾਂ ਤੋਂ ਆਸ ਕਿਉਂ ਰੱਖਦੈਂ , ਕਰਨਗੇ ਦੂਰ ਉਹ ਗ਼ੁਰਬਤ

ਤੁਰੋ ਬਣ ਕਾਫ਼ਿਲਾ ' ਮਹਿਰਮ ' ਅਸੀਂ ਹੱਕ ਵਾਸਤੇ ਲੜਨੈ ,
ਅਸੀਂ ਕੋਈ ਡਾਂਗ ਨਹੀਂ ਫੜ੍ਹਨੀ , ਆਸਾਡੀ ਕਲਮ ਹੈ ਤਾਕਤ
==========================================

No comments:

Post a Comment