ਕਰਦਾ ਰਿਹਾ ਮਹਿਬੂਬ , ਵਲ ਛਲ ਹਰ ਸਮੇਂ ਕਰਦਾ ਰਿਹਾ
ਜਰਦਾ ਰਿਹਾ ਦਿਲ ਸਭ , ਸਮਝ ਉਸਦੀ ਰਜਾ ਜਰਦਾ ਰਿਹਾ
ਮਰਦਾ , ਤਾਂ ਮੈਂ ਮਰਦਾ , ਉਦੇ ਈਮਾਨ ਤੇ ਇਖਲਾਕ ਤੇ,
ਦੀਵਾਨਗੀ ਸੀ ਜੋ ਉਦੇ , ਮੈਂ ਰੂਪ ਤੇ ਮਰਦਾ ਰਿਹਾ
ਡਰਿਆ ਨਹੀਂ ਸੀ ਜੋ ਕਿਸੇ ਤੋਂ, ਜ਼ੁਲਮ ਕਰਦਾ ਰਾਤ ਦਿਨ,
ਸ਼ੀਸ਼ੇ ਚ ਖੁਦ ਨੂੰ ਦੇਖ , ਅਪਨੇ ਆਪ ਤੋਂ ਡਰਦਾ ਰਿਹਾ
ਹਰਦਾ ਜਦੋਂ ਇਨਸਾਨ , ਦਿੰਦੀ ਹਾਰ ਵੀ ਹਿੰਮਤ ਬੜੀ ,
ਟੁੱਟਾ ਜਦੋਂ ਵਿਸ਼ਵਾਸ਼ , ਬੰਦਾ ਜਿੱਤ ਕੇ ਹਰਦਾ ਰਿਹਾ
ਕਰ ਤੂੰ ਭਲਾ ਮਜ਼ਲੂਮ ਦਾ , ਦੇਵੇ ਦੁਆ ਜੋ ਤਹਿ ਦਿਲੋਂ ,
ਮਿੱਟੀ ਬਣੂ ਅਹਿਸਾਨ , ਜੇ ਖੁਦਗਰਜ਼ ਤੇ ਕਰਦਾ ਰਿਹਾ
ਠਰਦਾ ਨਹੀਂ ਸੀਨਾ ਮੇਰਾ , ਬਿਰਹਾ ਜਲਾਵੇ ਓਸ ਦਾ ,
ਮਿਲਦੀ ਰਹੀ ਉਸ ਦੀ ਖਬਰ , ਹਿਰਦਾ ਮੇਰਾ ਠਰਦਾ ਰਿਹਾ
ਭਰਿਆ ਨਹੀਂ ਦਿਲ ਦਾ , ਕਦੇ ਵੀ ਜ਼ਖਮ , ਪਰ ਰਿਸਿਆ ਉਦੋਂ ,
ਕਰ ਕੇ ਕਿਸੇ ਨੂੰ ਯਾਦ ਮੇਂ , ਹੌਕਾ ਜਦੋਂ ਭਰਦਾ ਰਿਹਾ
ਤਰਨਾ ਬੜਾ ਔਖਾ , ਜਦੋਂ ਬੇੜੀ ਫਸੇ ਮੰਝਧਾਰ ਵਿੱਚ ,
ਜੋ ਹੌਸਲਾ ਕਰਦਾ ਰਿਹਾ , ਦਰਿਆ ਉਹੀ ਤਰਦਾ ਰਿਹਾ
ਡਰ ਸੀ ਉਦਾ ਜਾਂ ਵਹਿਮ ਸੀ , ਲੱਗਿਆ ਪਤਾ ਨਹੀਂ ਯਾਰ ਦਾ ,
ਇਜ਼ਹਾਰ ਵੀ ਕਰਦਾ ਰਿਹਾ , ਇਕਰਾਰ ਤੋਂ ਡਰਦਾ ਰਿਹਾ
ਸਰਦਾ ਇਵੇਂ ਹੈ ' ਮਹਿਰਮਾ ' , ਸਭ ਦਾ ਕਿਸੇ ਦਿਲਦਾਰ ਬਿਨ ,
ਮੇਰਾ ਜਿਵੇਂ ਸਰਦਾ ਰਿਹਾ , ਤੇਰਾ ਜਿਵੇਂ ਸਰਦਾ ਰਿਹਾ
---------------------------------------------------
No comments:
Post a Comment