Friday, July 10, 2009

ਸ਼ਹਿਰ ਦਾ ਹਰ ਸਖ਼ਸ਼ ..........

ਭਟਕਣਾ ਦਾ ਤੜਫਣਾ ਦਾ ਸਿਲਸਿਲਾ ਕੁਝ ਵੀ ਨਹੀਂ

ਜ਼ਿੰਦਗੀ ਦੀ ਤੋਰ 'ਚੋਂ ਜੇ ਸਮਝਣਾ ਕੁਝ ਵੀ ਨਹੀਂ


ਝੂਠ ਕਹਿੰਦੈ , ਆਖਦਾ ਜੋ , ਇਸ਼ਕ ਹੁੰਦੈ ਸੋਚ ਕੇ ,

ਇਸ਼ਕ ਵਿੱਚ ਹੀ ਤਾਂ ਕੋਈ ਵੀ ਸੋਚਦਾ ਕੁਝ ਵੀ ਨਹੀਂ


ਯਾਰ ਨੇ ਬਣ ਕੇ ਦਿਖਾਇਆ ਗੈਰ ਤੋਂ ਵੱਧ ਓਪਰਾ,

ਉਸ ਜਗ੍ਹਾ ਕੀ ਜ਼ੋਰ ਜਿੱਥੇ ਆਪਣਾ ਕੁਝ ਵੀ ਨਹੀਂ


ਦੂਰ ਜਾ ਕੇ ਉਹ ਬੜਾ ਹੀ ਯਾਦ ਆਇਆ ਹਰ ਸਮੇਂ ,

ਭਰਮ ਸੀ , ਹੋਇਆ ਜੁਦਾ , ਹੋਇਆ ਜੁਦਾ ਕੁਝ ਵੀ ਨਹੀਂ


ਹਰ ਸਮੇਂ ਤੂੰ ਤੜਫਦਾ ਰਹਿਨੈ ਭਲਾ ਕਿਸ ਵਾਸਤੇ ,

ਜੇ ਕਿਸੇ ਦੇ ਨਾਲ ਤੇਰਾ ਵਾਸਤਾ ਕੁਝ ਵੀ ਨਹੀਂ


ਪਿਆਰ ਵਿੱਚ ਨਾਰਾਜ਼ ਹੋ ਕੇ ਮਿਲਦੀ ਹੈ ਖੁਦ ਨੂੰ ਸਜ਼ਾ,

ਪਰ ਗਿਲੇ ਸ਼ਿਕਵੇ ਬਿਨਾਂ ਇਸ ਵਿੱਚ ਮਜ਼ਾ ਕੁਝ ਵੀ ਨਹੀਂ


ਸੌਂ ਗਿਆ ਨਾ ਸਮਝ, ਪਹਿਰੇਦਾਰ , ਉਹ ਹੁਸ਼ਿਆਰ ਹੈ ,

ਹਰ ਤਰਫ ਰੱਖਦੈ ਨਜ਼ਰ , ਬੱਸ ਆਖਦਾ ਕੁਝ ਵੀ ਨਹੀਂ


ਕੀ ਪਤਾ ਪੱਲੜਾ ਝੁਕੇਗਾ ਕਿਸ ਤਰਫ ਇਨਸਾਫ ਦਾ,

ਜਾਣਕੇ ਸਭ ਕੁਝ ਗਵਾਹ ਜੇ ਬੋਲਦਾ ਕੁਝ ਵੀ ਨਹੀਂ


ਸ਼ਹਿਰ ਦਾ ਹਰ ਸਖ਼ਸ਼ ਚਾਹੁੰਦੈ , ਸ਼ਹਿਰ ਵਿੱਚ ਅਪਨੀ ਹਵਾ,

ਸ਼ਹਿਰ ਦੀ ਹੈ ਕੀ ਹਵਾ , ਉਹ ਜਾਣਦਾ ਕੁਝ ਵੀ ਨਹੀਂ


ਮਾਣ ਕਰਕੇ ਅਕਲ ਦਾ ਆਖੇ ਸਹੀ ਨੂੰ ਵੀ ‌ਗ਼ਲਤ ,

ਸੋਚਦੈ ਸਭ ਕੁਝ ਪਤਾ ਹੈ, ਪਰ ਪਤਾ ਕੁਝ ਵੀ ਨਹੀਂ


ਇਸ ਨਗਰ ਚੋਂ ਤੁੰ ਅਜੇ ਇਨਸਾਫ ਦੀ ਨਾ ਭਾਲ ਕਰ ,

ਕੈਦ ਹੈ ਨਿਰਦੋਸ਼ , ਕਾਤਿਲ ਨੂੰ ਸਜ਼ਾ ਕੁਝ ਵੀ ਨਹੀਂ


ਵਕਤ ਆਖੇ ਹਰ ਜਗ੍ਹਾ ਬਦਲਾਵ ਦੀ ਕੁਝ ਲੋੜ ਹੈ ,

ਸਮਝਦੈ ਇਨਸਾਨ ਪਰ ਹੱਲ ਸੋਚਦਾ ਕੁਝ ਵੀ ਨਹੀਂ

=============================


1 comment:

  1. ਵੀਰ ਜੀ,
    ਬਹੁਤ ਵਧੀਆ ਲਿਖਿਆ ਤੁਸੀ....
    ਸਤਵੀਰ

    ReplyDelete