Friday, August 7, 2009

ਸਵੇਰੇ ਦਾ ਘਰੋਂ ਤੁਰਿਆ ....................

ਗ਼ਜ਼ਲਮੇਰੇ ਸੰਗ ਤਾਂ ਹਮੇਸ਼ਾ ਹੀ ਅਜੇਹਾ ਹਾਦਸਾ ਹੋਇਆ
ਜਿਨ੍ਹਾਂ ਤੋਂ ਨੇੜਤਾ ਚਾਹੀ , ਉਨ੍ਹਾਂ ਤੋਂ ਫ਼ਾਸਲਾ ਹੋਇਆ

ਭੁਲਾ ਕੇ ਸਾਂਝ ਦੇ ਰਿਸ਼ਤੇ, ਉਹ ਛਿਪ ਕੇ ਬਹਿ ਗਿਆ ਕਿੱਥੇ ,
ਨਹੀਂ ਦਿਸਿਆ ਕਿਤੇ ਫਿਰਦਾ , ਨਾ ਮੁੜ ਕੇ ਰਾਬਤਾ ਹੋਇਆ

ਕਰੇ ਉਹ ਖੋਖਲਾ ਦਾਅਵਾ ਮੁਹੱਬਤ ਦਾ ਕਿਵੇਂ , ਜਿਸ ਤੋਂ ,
ਨਾ ਛੂਹ ਹੀ ਆਤਮਾ ਹੋਈ , ਨਾ ਦਿਲ ਵਿਚ ਦਾਖਲਾ ਹੋਇਆ

ਅਜਬ ਰਿਸ਼ਤਾ ਬਣਾ ਕੇ ਬਹਿ ਗਿਆ ਕਿਸ ਮੋੜ 'ਤੇ ਆਸ਼ਕ,
ਨਾ ਖ਼ੁਦ ਜੋਗਾ ਰਿਹਾ ਬਾਕੀ , ਨਾ ਪੂਰਾ ਯਾਰ ਦਾ ਹੋਇਆ

ਮਨਾਂ ਦਾ ਬੋਝ ਵੀ ਲੱਥਾ , ਗਿਲੇ ਸ਼ਿਕਵੇ ਮਿਟੇ ਸਾਰੇ,
ਉਨ੍ਹਾਂ ਦੇ ਨਾਲ ਸ਼ੀਸ਼ੇ ਵਾਂਗ ਜਦ ਵੀ ਸਾਹਮਣਾ ਹੋਇਆ

ਤੁਰੇ ਮਿਲ ਕੇ ਨਹੀਂ ਜਿਹੜੇ , ਕਦਮ ਇਕ ਵੀ ਅਜੇ ਤਾਈਂ,
ਉਹ ਖ਼ੁਦ ਨੂੰ ਹਮਸਫਰ ਆਖਣ , ਭਲਾ ਕੀ ਮਾਮਲਾ ਹੋਇਆ

ਬਹਾਨੇ ਲਾਉਣ ਦੀ ਆਦਤ ਬਣੀ ਉਸਦੀ ਇਵੇਂ , ਕਿਉਂਕਿ,
ਨਿਭਾਵੇ ਯਾਰੀਆਂ ਵਾਅਦੇ , ਨਾ ਉਸਤੋਂ ਹੌਸਲਾ ਹੋਇਆ

ਸਵੇਰੇ ਦਾ ਘਰੋਂ ਤੁਰਿਆ ਨਾ ਮੁੜਿਆ ਰਾਤ ਵੀ ਰਾਹੀ ,
ਹਨੇਰਾ ਖਾ ਗਿਆ ਉਸਨੂੰ, ਜਦੋਂ ਤੱਕ ਚਾਨਣਾ ਹੋਇਆ

ਕਹੋ ਅਪਨੀ , ਸੁਣੋ ਮੇਰੀ , ਬੁਰਾ ਆਖੋ , ਭਲਾ ਆਖੋ ,
ਜੁਦਾ ਰਹਿ ਕੇ ਨਾ ਝਗੜੇ ਦਾ , ਕਦੇ ਵੀ ਫੈਸਲਾ ਹੋਇਆ

ਲਗਨ ਉਸਦੀ ਤੋਂ ਲੱਗਦਾ ਹੈ ਉਹ ਮੰਜ਼ਿਲ ਤੱਕ ਤੁਰੂ ਡਟ ਕੇ,
ਵਧੇਗਾ ਜੋਸ਼ ਹੀ ਉਸਦਾ , ਕਠਿਨ ਜੇ ਰਾਸਤਾ ਹੋਇਆ

ਤੇਰੇ ਮਗਰੋਂ ਮੈਂ ਕਿਸ ਦੇ ਨਾਲ ਕਰਦਾ ਦਿਲ ਦੀਆਂ ਗੱਲਾਂ ,
ਗ਼ਜ਼ਲ ਨੇ ਬਾਂਹ ਫੜ੍ਹੀ ' ਮਹਿਰਮ ' ਤਾਂ ਫਿਰ ਕੁਝ ਆਸਰਾ ਹੋਇਆ =================================

1 comment:

  1. Eh ghazal main bahut vaar padi hai.Bahut vadhiya rachna hai.Rabb kre tussin edan hi likhde raho....

    ReplyDelete