Saturday, September 12, 2009

ਬੜਾ ਕੁਝ ਦਿਲ 'ਚ ਰੱਖਦੇ ਹਾਂ ==========

ਗ਼ਜ਼ਲ
ਜ਼ਰੂਰੀ ਤਾਂ ਨਹੀਂ ਆਵੇ ਨਜ਼ਰ ਕੁਝ ਹਾਦਸੇ ਵਰਗਾ
ਬੜਾ ਕੁਝ ਦਿਲ 'ਚ ਰੱਖਦੇ ਹਾਂ ਛਿਪਾ ਕੇ ਜ਼ਲਜ਼ਲੇ ਵਰਗਾ

ਚਮਕ ਚਿਹਰੇ 'ਤੇ ਹੁੰਦੀ ਏ ਖ਼ੁਸ਼ੀ ਵੇਲੇ ਸੁਬਹ ਵਰਗੀ ,
ਗ਼ਮੀ ਹੋਵੇ ਤਾਂ ਇਸਦਾ ਹਾਲ ਹੁੰਦਾ ਦਿਨ ਢਲੇ ਵਰਗਾ

ਸਮਾਂ ਤਾਂ ਕੱਟ ਲੈਂਦਾ ਆਦਮੀ ਸਬ ਨਾਲ ਪਰ ਫਿਰ ਵੀ ,
ਉਹ ਸਾਥੀ ਭਾਲਦਾ ਰਹਿੰਦੈ ਸਦਾ ਹੀ ਆਪਣੇ ਵਰਗਾ

ਤੁਰਾਂਗੇ ਸਾਥ ਰਲ ਮਿਲ ਕੇ , ਕਸਮ ਉਹ ਖਾਣਗੇ, ਲੇਕਿਨ ,
ਉਨ੍ਹਾਂ ਦੇ ਦਿਲ 'ਚ ਛੁਪਿਆ ਹੈ ਬੜਾ ਕੁਝ ਫਾਸਲੇ ਵਰਗਾ

ਨਾ ਐਸਾ ਮਸ਼ਵਰਾ ਦੇਵੋ ਜੋ ਦਿਲ ਨੂੰ ਤੋੜ ਹੀ ਦੇਵੇ ,
ਅਜੇਹਾ ਮਸ਼ਵਰਾ ਦੇਵੋ , ਜੋ ਹੋਵੇ ਹੌਸਲੇ ਵਰਗਾ

ਉਨ੍ਹਾਂ ਦੀ ਪਹੁੰਚ ਤੋਂ ਮੰਜ਼ਿਲ ਕਦੇ ਵੀ ਦੂਰ ਨਹੀਂ ਰਹਿੰਦੀ ,
ਜਿਨ੍ਹਾਂ ਦਾ ਜੋਸ਼ ਹੋਵੇ ਢੋਲ 'ਤੇ ਲੱਗੇ ਡਗੇ ਵਰਗਾ

ਕੁਰਾਹੇ ਪੈ ਗਿਆ ਜੋ , ਹੁਣ ਇਸ਼ਾਰਾ ਕੀ ਭਲਾ ਸਮਝੂ ,
ਨਸੀਹਤ ਵਾਸਤੇ ਵੀ ਉਹ ਤਾਂ ਹੈ ਚਿਕਨੇ ਘੜੇ ਵਰਗਾ

ਜਿਦ੍ਹੇ 'ਤੇ ਮਾਣ ਹੈ , ਹੱਕ ਹੈ, ਮੁਹੱਬਤ ਹੈ , ਮੁਨਾਸਿਬ ਹੈ ,
ਕਦੇ ਮੈਂ ਬੋਲ ਵੀ ਬੋਲਾਂ ਉਨੂੰ ਗੁੱਸੇ ਗਿਲੇ ਵਰਗਾ

ਕਿਵੇਂ ਉਪਕਾਰ ਕਰ ਸਕਦੈ , ਦੁਬਾਰਾ ਉਸ ਜਗਹ ਕੋਈ,
ਜਰੂਰਤ ਪੈਣ 'ਤੇ ਜਿੱਥੋਂ , ਜਵਾਬ ਆਵੇ ਟਕੇ ਵਰਗਾ

ਕਰੀਂ ਉਸਦਾ ਭਲਾ ਰੱਬਾ , ਮੇਰੇ ਦਿਲ 'ਚੋਂ ਦੁਆ ਨਿਕਲੀ,
ਉਹ ਕਰਦਾ ਹੈ ਬੁਰਾ ਬੇਸ਼ੱਕ , ਬੁਰਾ ਕਰਦੈ ਭਲੇ ਵਰਗਾ

ਪੁਜਾਰੀ ਪਿਆਰ ਦਾ ਬਣਕੇ , ਮੁਨਾਫ਼ਾ ਭਾਲਦੈ ਇਸ 'ਚੋਂ ,
ਨਹੀਂ ਇਹ ਮਾਮਲਾ ਉਸਦਾ , ਦਿਲਾਂ ਦੇ ਮਾਮਲੇ ਵਰਗਾ

ਕਿਸੇ ਨੂੰ ਖੂਨ ਦਾ ਰਿਸ਼ਤਾ ਵੀ ਕਦ ਤਕ ਜੋੜ ਕੇ ਰੱਖੂ ,
ਹਮੇਸ਼ਾ ਹੀ ਰਹੇ ਜਿਸਦਾ , ਵਤੀਰਾ ਓਪਰੇ ਵਰਗਾ

ਛੁਪਾ ਕੇ ਗ਼ਮ, ਖ਼ੁਸ਼ੀ ਵੰਡੇ , ਖ਼ਤਾ ਬਦਲੇ ਵਫ਼ਾ ਪਾਲੇ ,
ਮਿਲੇ ਜਦ ਵੀ, ਮੇਰਾ ਮਹਿਰਮ , ਮਿਲੇ ' ਮਹਿਰਮ ' ਤੇਰੇ ਵਰਗਾ =====================================

2 comments:

  1. ਦਿਲ ਵਿਚ ਪਰਲੋ ਜਿਹਾ ਸਾਮਾਨ ਛੁਪਾਈ ਫਿਰਦੇ ਹਾਂ
    ਬੁਝੇ ਅਨਬੁਝੇ ਕਈ ਅਰਮਾਨ ਦਬਾਈ ਫਿਰਦੇ ਹਾਂ
    ਮੁੱਠੀ ਭਰ ਆਪਨੇ ਵਰਗੇ ਤਲਾਸ਼ ਲਏ ਜਿਸ ਦਿਨ
    ਓਹਨਾ ਖਾਤਿਰ ਤੀਰ ਅਤੇ ਕਮਾਨ ਬਣਾਈ ਫਿਰਦੇ ਹਾਂ
    ਜਿਸਨੇ ਆਪਨੇ ਪਰਜਾ ਨੂੰ ਗਾਜ਼ਰ ਮੂਲੀ ਸਮਝਇਆ
    ਉਸ ਹਾਕਮ ਲਈ ਅੱਖਾਂ ਵਿਚ ਸ਼ਮਸ਼ਾਨ ਬਣਾਈ ਫਿਰਦੇ ਹਾਂ
    ਇਨਸਾਫ਼ ਲੈਣ ਲਈ ਜਦ ਵੀ ਸਾਰੇ ਹੀਲੇ ਮੁੱਕ ਗਏ
    ਪੁਰਖਿਆਂ ਜੋ ਸੌੰਪੀ ਉਹ ਕਿਰਪਾਨ ਬਚਾਈ ਫਿਰਦੇ ਹਾਂ (Baljeet Pal Singh)

    ReplyDelete
  2. ਸਕੂਨ ਰੂਹ ਨੂੰ ਮਿਲਦਾ ਹੈ ਤਬੀਅਤ ਵੱਲ ਹੋ ਜਾਂਦੀ।
    ਜਦ ਉਹ ਨਜ਼ਰ ਆਵੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ।


    ਦਿਲ ਦੀ ਸਲੈਬ ਤੋਂ ਲੱਗਦਾ ਕੋਈ ਭਾਰ ਲਹਿ ਜਾਵੇ ,
    ਕਦੇ ਜੇ ਭੀੜ ਚ ਮਿਲਿਆਂ ਉਹਦੇ ਨਾਲ ਗੱਲ ਹੋ ਜਾਂਦੀ।


    ਹਰ ਰਾਤ ਨੂੰ ਇੱਕ ਨਵੀਂ ਤਮੰਨਾ ਲੈ ਕੇ ਸੌਂਦੇ ਹਾਂ ,
    ਹਰ ਖਾਹਿਸ਼ ਅਗਲੇ ਦਿਨ ਬੀਤਿਆ ਕੱਲ੍ਹ ਹੋ ਜਾਂਦੀ।


    ਉਹ ਗੂੜ੍ਹੀ ਨੀਂਦ ਸੌਂ ਗਏ ,ਅਸੀਂ ਗਿਣਦੇ ਰਹੇ ਤਾਰੇ,
    ਸ਼ਿਕਾਰ ਬੇਰੁਖੀ ਦਾ ਜਿੰਦਗੀ ਹਰੇਕ ਪਲ ਹੋ ਜਾਂਦੀ।


    ਸਿਆਸਤ ਅਤੇ ਗੁੰਡਾਗਰਦੀ ਚ ਫਰਕ ਰਿਹਾ ਥੋੜਾ,
    ਦੋਹਾਂ ਨੂੰ ਛੇੜ ਕੇ ,ਔਖੀ ਬਚਾਉਣੀ ਖੱਲ ਹੋ ਜਾਂਦੀ।


    ਬੇਗਾਨਿਆਂ ਦੇ ਵਾਰ ਹਮੇਸ਼ਾ ਚੁੱਪ ਚਾਪ ਸਹਿ ਲੈਂਦੇ,
    ਚੋਟ ਆਪਣਿਆਂ ਦੀ ਹੀ ਸੀਨਿਆਂ ਚ ਸੱਲ ਹੋ ਜਾਂਦੀ।


    ਕਹਿਣਾ ਬੜਾ ਕੁੱਝ ਚਾਹੇ ਅੱਜ ਦਾ ਆਮ ਆਦਮੀ ਵੀ,
    ਪੁਕਾਰ ਉਸਦੀ ਲੇਕਿਨ ਰੌਲਿਆਂ ਚ ਰਲ ਹੋ ਜਾਂਦੀ।
    Posted by Baljeet Pal Singh at 8:51 AM 0 comments

    ReplyDelete